
ਲੁਧਿਆਣਾ, 08 ਮਈ 2025 : ਇੰਡੀਆ ਪੋਸਟ ਵੱਲੋਂ ਪਹਿਲੀ ਮਈ, 2025 ਤੋਂ ਨਵਾਂ ਮੇਲ ਉਤਪਾਦ ''ਗਿਆਨ ਪੋਸਟ'' ਲਾਂਚ ਕੀਤਾ ਗਿਆ ਹੈ। ਵਿਦਿਅਕ ਸਰੋਤਾਂ ਦੇ ਇੱਕ ਨਵੇਂ ਪ੍ਰਵੇਸ਼ ਦੁਆਰ ਵਜੋਂ, ਇੰਡੀਆ ਪੋਸਟ ਨੇ ਦੇਸ਼ ਭਰ ਵਿੱਚ ਸਿੱਖਿਆ ਦਾ ਸਮਰਥਨ ਕਰਨ ਲਈ ਗਿਆਨ ਪੋਸਟ ਲਾਂਚ ਕੀਤਾ। ਡਾਕਘਰ, ਲੁਧਿਆਣਾ ਸ਼ਹਿਰੀ ਡਵੀਜ਼ਨ ਦੇ ਸੀਨੀਅਰ ਸੁਪਰਡੰਟ ਸ੍ਰੀ ਆਦਮ ਮੋਹਿ-ਉਦ-ਦੀਨ ਵੱਲੋਂ ਇਸ ਸਬੰਧੀ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਡਾਕ ਵਿਭਾਗ 'ਗਿਆਨ ਪੋਸਟ' ਨਾਮਕ ਸੇਵਾ ਰਾਹੀਂ ਪਾਠ ਪੁਸਤਕਾਂ ਵਰਗੀ ਵਿੱਦਿਅਕ ਸਮੱਗਰੀ ਦੀ ਢੋਆ-ਢੁਆਈ ਲਈ ਰਿਆਇਤੀ ਦਰਾਂ ਪ੍ਰਦਾਨ ਕਰੇਗਾ, ਜੋ ਕਿ ਬੁੱਕ ਪੋਸਟ ਸਿਸਟਮ 'ਤੇ ਆਧਾਰਿਤ ਹੈ। ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਨੇ 28 ਅਪ੍ਰੈਲ, 2025 ਨੂੰ ਇਹ ਐਲਾਨ ਕੀਤਾ। ਇਸ ਸੇਵਾ ਤਹਿਤ 300 ਗ੍ਰਾਮ ਤੱਕ ਦੇ ਪੈਕਟ ਲਈ ਕੀਮਤ 20 ਰੁਪਏ ਤੋਂ ਸੁ਼ਰੂ ਹੋ ਕੇ 5 ਕਿਲੋਗ੍ਰਾਮ ਤੱਕ ਦੇ ਪੈਕੇਟ 100 ਰੁਪਏ ਤੱਕ ਹੋਵੇਗੀ. ਗਿਆਨ ਪੋਸਟ ਦੇ ਤਹਿਤ, ਰਾਜ ਅਤੇ ਕੇਂਦਰ ਸਰਕਾਰ ਦੇ ਸਿੱਖਿਆ ਬੋਰਡਾਂ ਜਾਂ ਯੂਨੀਵਰਸਿਟੀਆਂ ਦੁਆਰਾ 'ਵਿਦਿਆਰਥੀਆਂ ਲਈ ਪੱਤਰ ਵਿਹਾਰ ਅਤੇ ਨਿਯਮਤ ਕੋਰਸਾਂ ਲਈ ਸਿਲੇਬਸ ਵਿੱਚ ਨਿਰਧਾਰਤ' ਛਪਾਈ ਸਮੱਗਰੀ ਨੂੰ ਗਿਆਨ ਪੋਸਟ ਰਾਹੀਂ ਲਿਜਾਣ ਦੀ ਆਗਿਆ ਹੋਵੇਗੀ। ਹਾਲਾਂਕਿ, ਰਸਾਲਿਆਂ ਵਰਗੇ ਪੱਤਰ-ਵਿਹਾਰ ਇਸ ਯੋਜਨਾ ਦੇ ਅਧੀਨ ਨਹੀਂ ਆਉਣਗੇ। ਵਧੇਰੇ ਜਾਣਕਾਰੀ ਲਈ ਨਜ਼ਦੀਕੀ ਡਾਕਘਰ ਜਾਂ ਵੈਬਸਾਈਟ www.indiapost.gov.in 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।