ਮਾਨਸਾ ਵਿਖੇ ਸਾਂਝੇ ਤੌਰ 'ਤੇ ਮਨਾਇਆ ਗਿਆ ਕੌਮਾਂਤਰੀ ਮਈ ਦਿਵਸ 

ਮਾਨਸਾ,1 ਮਈ (ਭੁਪਿੰਦਰ ਸਿੰਘ ਧਨੇਰ) : ਅੱਜ ਮਾਨਸਾ ਵਿਖੇ ਸਮੂਹ ਟਰੇਡ ਯੂਨੀਅਨਾਂ, ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਕਿਸਾਨ ਦੁਕਾਨਦਾਰ ਤੇ ਮੁਲਾਜ਼ਮ ਸੰਘਰਸ਼ ਕਮੇਟੀ ਮਾਨਸਾ ਵਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ - ਲਾਲ ਸਲਾਮ, ਫਾਸ਼ੀਵਾਦੀ ਮੋਦੀ ਸਰਕਾਰ - ਮੁਰਦਾਬਾਦ ਅਤੇ ਧਰਮਾਂ ਦੀ ਆੜ ਵਿੱਚ ਮਨੁੱਖਤਾ ਦਾ ਕਤਲੇਆਮ - ਬੰਦ ਕਰੋ ਦੇ ਨਾਹਰਿਆਂ ਤਹਿਤ ਸਾਂਝੇ ਤੌਰ 'ਤੇ ਕੌਮਾਂਤਰੀ ਮਈ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਵੱਲੋਂ ਕਾਮਰੇਡ ਰਾਜਵਿੰਦਰ ਰਾਣਾ, ਕ੍ਰਿਸ਼ਨ ਚੌਹਾਨ, ਡਾਕਟਰ ਧੰਨਾ ਮੱਲ ਗੋਇਲ, ਸੁਖਦਰਸ਼ਨ ਸਿੰਘ ਨੱਤ, ਨਿਰਮਲ ਸਿੰਘ ਝੰਡੂਕੇ, ਜਸਬੀਰ ਕੌਰ ਨੱਤ, ਸਤਪਾਲ ਭੈਣੀਬਾਘਾ, ਰਵੀ ਖਾਨ, ਸੁਖਜੀਤ ਸਿੰਘ ਰਾਮਾਨੰਦੀ, ਅਮਰੀਕ ਸਿੰਘ ਫਫੜੇ, ਰਤਨ ਭੋਲਾ, ਸਿਕੰਦਰ ਸਿੰਘ ਘਰਾਂਗਣਾਂ, ਆਤਮਾ ਸਿੰਘ ਪਮਾਰ, ਗਗਨਦੀਪ ਸਿਰਸੀਵਾਲਾ, ਪਰਵਿੰਦਰ ਸਿੰਘ ਝੋਟਾ, ਰਾਜ ਸਿੰਘ ਅਕਲੀਆ ਅਤੇ ਲੱਖਾ ਸਿੰਘ ਸਹਾਰਨਾ ਨੇ ਇਕੱਠ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰ ਤੇ ਸੂਬਾਈ ਸਰਕਾਰਾਂ ਵਲੋਂ ਕਿਰਤ ਕਾਨੂੰਨਾਂ ਵਿੱਚ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਬਣਾਉਣ, ਉਸੇ ਉਜਰਤ ਉਤੇ ਕੰਮ ਦੀ ਘੰਟੇ ਵਧਾਉਣ ਵਰਗੇ ਮਜ਼ਦੂਰ ਮਾਰੂ ਕਦਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਪਹਿਲਗਾਮ ਵਿੱਚ ਸੈਲਾਨੀਆਂ ਦੇ ਘਿਨਾਉਣੇ ਕਤਲ ਕਾਂਡ ਵਿੱਚ ਗੰਭੀਰ ਸੁਰਖਿਆ ਖਾਮੀਆਂ ਲਈ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਲੈਫਟੀਨੈਂਟ ਗਵਰਨਰ ਵਲੋਂ ਅਹੁਦਿਆਂ ਤੋਂ ਅਸਤੀਫੇ ਦੇਣ ਦੀ ਬਜਾਏ ਉਲਟਾ ਦੇਸ਼ ਨੂੰ ਪਾਕਿਸਤਾਨ ਨਾਲ ਇਕ ਬੇਲੋੜੀ ਤੇ ਤਬਾਹਕੁੰਨ ਜੰਗ ਵਿੱਚ ਝੋਕਿਆ ਜਾ ਰਿਹਾ ਹੈ, ਜਿਸ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ। ਇੱਕਠ ਵਲੋਂ ਪਾਸ ਕੀਤੇ ਮਤਿਆਂ ਵਿੱਚ ਮਜ਼ਦੂਰਾਂ ਕਿਸਾਨਾਂ ਤੇ ਹੋਰ ਮਿਹਨਤਕਸ਼ ਤਬਕਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ 20 ਮਈ ਦੀ ਦੇਸ਼ ਵਿਆਪੀ ਆਮ ਹੜਤਾਲ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ। ਦੂਜੇ ਮਤੇ ਵਿੱਚ ਕਿਹਾ ਗਿਆ ਹੈ ਕਿ ਜਿਥੇ ਕਸ਼ਮੀਰੀ ਲੋਕਾਂ ਵਲੋਂ ਪਹਿਲਗਾਮ ਕਾਂਡ ਖ਼ਿਲਾਫ ਵਿਆਪਕ ਤੇ ਡੱਟਵਾਂ ਵਿਰੋਧ ਪ੍ਰਗਟ ਕੀਤਾ, ਉਥੇ ਬੀਜੇਪੀ ਦੇ ਫਿਰਕੂ ਗੁੰਡਾ ਗਿਰੋਹਾਂ ਨੇ ਇਸ ਕਾਂਡ ਦੀ ਆੜ ਵਿੱਚ ਪੰਜਾਬ ਸਮੇਤ ਦੇਸ਼ ਭਰ ਵਿੱਚ ਮੁਸਲਿਮ ਭਾਈਚਾਰੇ ਖ਼ਿਲਾਫ਼ ਜੋ ਨਫ਼ਰਤੀ ਪ੍ਰਚਾਰ ਤੇ ਹਮਲੇ ਕੀਤੇ ਜਾ ਰਹੇ ਹਨ, ਅਸੀਂ ਉਨ੍ਹਾਂ ਦਾ ਡੱਟ ਕੇ ਵਿਰੋਧ ਕਰਦੇ ਹਾਂ।