
- ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੇਵਾ ਕਰਨ ਵਾਲੇ ਪਰਿਵਾਰ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਸਨਮਾਨ
ਅੰਮ੍ਰਿਤਸਰ, 8 ਮਈ 2025 : ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਹਰ ਦਿਨ ਸੰਗਤ ਆਪਣੀ ਕਿਰਤ ਕਮਾਈ ਵਿੱਚੋਂ ਵੱਡੀ ਮਾਤਰਾ ’ਚ ਰਸਦਾਂ ਭੇਟ ਕਰਕੇ ਸ਼ਰਧਾ ਪ੍ਰਗਟਾਉਂਦੀ ਹੈ। ਇਸੇ ਤਹਿਤ ਹੀ ਅੱਜ ਜਲੰਧਰ ਵਾਸੀ ਬੀਬੀ ਗੁਰਦੇਵ ਕੌਰ ਸੰਘਾ ਦੇ ਪਰਿਵਾਰ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੱਡੀ ਕਣਕ ਤੇ ਦਾਲਾਂ ਭੇਟ ਕੀਤੀਆਂ ਗਈਆਂ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼ਰਧਾਲੂ ਪਰਿਵਾਰ ਦਾ ਸਨਮਾਨ ਕੀਤਾ ਗਿਆ। ਗੁਰਸਿੱਖ ਪਰਿਵਾਰ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ 3 ਕੁਇੰਟਲ ਸਾਬਤ ਮਾਂਹ, 12 ਕੁਇੰਟਲ ਦਾਲ, ਸਾਢੇ 7 ਕੁਇੰਟਲ ਆਲੂ, 105 ਕੁਇੰਟਲ 90 ਕਿੱਲੋ ਕਣਕ ਭੇਟ ਕੀਤੀ ਗਈ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਪਰਿਵਾਰ ਹਰ ਸਾਲ ਹੀ ਆਪਣੀ ਸਮਰੱਥਾ ਮੁਤਾਬਿਕ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਸੇਵਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ 50 ਹਜ਼ਾਰ ਰੁਪਏ ਮਾਇਆ ਵੀ ਲੰਗਰ ’ਚ ਭੇਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੱਖਾਂ ਦੀ ਗਿਣਤੀ ’ਚ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ, ਜਿਨ੍ਹਾਂ ਲਈ ਲੰਗਰ ਸ੍ਰੀ ਗੁਰੂ ਰਾਮਦਾਸ ਹਰ ਸਮੇਂ ਖੁੱਲ੍ਹਾ ਰਹਿੰਦਾ ਹੈ। ਇਨ੍ਹਾਂ ਲੰਗਰ ਸੇਵਾਵਾਂ ਵਿਚ ਦੇਸ਼ ਦੁਨੀਆਂ ਦੇ ਸ਼ਰਧਾਲੂ ਰਸਦ ਭੇਟ ਕਰਕੇ ਆਪਣੀ ਸ਼ਰਧਾ ਪ੍ਰਗਟਾਉਂਦੇ ਹਨ, ਜੋ ਗੁਰੂ ਸਾਹਿਬ ਦੇ ‘ਵੰਡ ਛਕਣ’ ਦੇ ਸਿਧਾਂਤ ਦਾ ਪ੍ਰਗਟਾਵਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਕੇ ਲੰਗਰ ਲਈ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਕਣਕ ਭੇਟ ਕਰਕੇ ਰਸੀਦ ਪ੍ਰਾਪਤ ਕਰਨ। ਇਸ ਮੌਕੇ ਉਨ੍ਹਾਂ ਪਰਿਵਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਿਹਰੀ ਮਾਡਲ ਨਾਲ ਸਨਮਾਨਿਤ ਕੀਤਾ। ਇਸ ਵਿਸ਼ੇਸ਼ ਮੌਕੇ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਜੀ ਦੇ ਨਾਲ ਓਐਸਡੀ ਸ. ਸਤਬੀਰ ਸਿੰਘ ਧਾਮੀ, ਸ. ਭਗਵੰਤ ਸਿੰਘ ਧੰਗੇੜਾ ਜਨਰਲ ਮੈਨੇਜਰ, ਸ. ਸ਼ਾਹਬਾਜ ਸਿੰਘ ਨਿੱਜੀ ਸਕੱਤਰ, ਸ. ਹਰਭਜਨ ਸਿੰਘ ਵਕਤਾ ਮੀਤ ਸਕੱਤਰ, ਸ. ਬਲਵਿੰਦਰ ਸਿੰਘ ਮੈਨੇਜਰ, ਸ. ਗੁਰਤਿੰਦਰ ਸਿੰਘ ਮੈਨੇਜਰ ਆਦਿ ਸ਼ਾਮਲ ਸਨ।