
- ਦੇਸ਼ ਉੱਤੇ ਆਏ ਸੰਕਟ ਲਈ ਅੰਮ੍ਰਿਤਸਰ ਵਾਸੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਲਈ ਨਾਲ ਤੁਰੇ -ਅਮਿਤ ਸਰੀਨ
ਅੰਮ੍ਰਿਤਸਰ 10 ਮਈ 2025 : ਭਾਰਤ ਪਾਕਿਸਤਾਨ ਜੰਗ ਦਰਮਿਆਨ ਅੱਜ ਜਦੋਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੇਵਾਵਾਂ ਲਈ ਨਾਗਰਿਕਾਂ ਨੂੰ ਸਿਵਲ ਡਿਫੈਂਸ ਵਿੱਚ ਸਾਥ ਦੇਣ ਲਈ ਸਹਿਯੋਗ ਮੰਗਿਆ ਗਿਆ ਤਾਂ ਪਹਿਲੇ ਹੀ ਦਿਨ 541 ਨੌਜਵਾਨ ਅਤੇ ਹੋਰ ਨਾਗਰਿਕ ਆਪਣਾ ਯੋਗਦਾਨ ਦੇਣ ਲਈ ਅੱਗੇ ਆਏ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਮੇਜਰ ਅਮਿਤ ਸਰੀਨ ਨੇ ਕਰਦਿਆਂ ਦੱਸਿਆ ਕਿ ਅੱਜ ਰੈਡ ਕਰਾਸ ਦੀ ਸਹਾਇਤਾ ਨਾਲ ਅਸੀਂ ਸ਼ਹਿਰ ਦੀਆਂ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਨਾਲ ਮੀਟਿੰਗ ਕੀਤੀ। ਇਹਨਾਂ 42 ਸੰਸਥਾਵਾਂ ਦੇ ਨੁਮਾਇੰਦਿਆਂ ਨੇ ਬੜੇ ਉਤਸ਼ਾਹ ਦੇ ਨਾਲ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਸਾਰਿਆਂ ਨੇ ਹੀ ਇੱਕ ਮੱਤ ਹੁੰਦੇ ਹੋਏ ਦੇਸ ਸੇਵਾ ਲਈ ਹਰ ਤਰ੍ਹਾਂ ਦਾ ਯੋਗਦਾਨ ਦੇਣ ਲਈ ਹਾਮੀ ਭਰੀ। ਉਹਨਾਂ ਦੱਸਿਆ ਕਿ ਸਾਡੀ ਇਸ ਮੌਕੇ ਮੁੱਖ ਲੋੜ ਵੱਖ ਵੱਖ ਖੇਤਰਾਂ ਵਿੱਚ ਆਪਣੇ ਨਾਗਰਿਕਾਂ ਦਾ ਸਹਿਯੋਗ ਦੀ ਰਹਿਣੀ ਹੈ। ਉਨਾਂ ਦੱਸਿਆ ਕਿ ਗੈਰ ਸਰਕਾਰੀ ਸੰਸਥਾਵਾਂ ਨੇ ਆਪਣੇ 476 ਵਲੰਟੀਅਰਾਂ ਨੂੰ ਸਿਵਿਲ ਡਿਫੈਂਸ ਵਿੱਚ ਭਰਤੀ ਹੋਣ ਲਈ ਮੌਕੇ ਉੱਤੇ ਫਾਰਮ ਭਰੇ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਐਨਸੀਸੀ ਦੇ ਨੌਜਵਾਨ ਬੜੇ ਉਤਸ਼ਾਹ ਦੇ ਨਾਲ ਸਿਵਲ ਡਿਫੈਂਸ ਵਿੱਚ ਸਾਥ ਦੇਣ ਲਈ ਅੱਗੇ ਆਏ ਬੱਚੇ ਅੱਜ 65 ਵਲੰਟੀਅਰਾਂ ਨੇ ਸਿਵਿਲ ਡਿਫੈਂਸ ਵਿੱਚ ਦਾਖਲਾ ਲਿਆ। ਉਹਨਾਂ ਕਿਹਾ ਕਿ ਸਰਹੱਦੀ ਖੇਤਰ ਦਾ ਇਹ ਇਲਾਕਾ ਵੱਖ ਵੱਖ ਸਮੇਂ ਦੇਸ਼ ਉੱਤੇ ਆਉਂਦੇ ਸੰਕਟ ਲਈ ਢਾਲ ਬਣ ਕੇ ਖੜਦਾ ਰਿਹਾ ਹੈ ਤੇ ਅਜਿਹਾ ਹੀ ਪ੍ਰਮਾਣ ਅੱਜ ਵੇਖਣ ਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਸਿਵਲ ਡਿਫੈਂਸ ਦਾ ਕੰਮ ਮੁੱਖ ਤੌਰ ਉਤੇ ਸਾਡੇ ਨਾਗਰਿਕਾਂ ਦੀ ਸੁਰੱਖਿਆ ਲਈ ਕੰਮ ਕਰਨਾ ਹੁੰਦਾ ਹੈ, ਸੋ ਅਸੀਂ ਇਹਨਾਂ ਨੌਜਵਾਨਾਂ/ ਨਾਗਰਿਕਾਂ ਦੀਆਂ ਸੇਵਾਵਾਂ ਜਿਲੇ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਲਈ ਭਵਿੱਖ ਵਿੱਚ ਲਵਾਂਗੇ। ਉਹਨਾਂ ਨੇ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦੇ ਹੋਏ ਹੋਰ ਵੀ ਸੰਸਥਾਵਾਂ, ਨੌਜਵਾਨਾਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਇਸ ਮੌਕੇ ਦੇਸ਼ ਸੇਵਾ ਵਿੱਚ ਸਿਵਲ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੁੰਦੇ ਹਨ, ਉਹ ਰੈਡ ਕ੍ਰਾਸ ਜਰੀਏ ਸਿਵਿਲ ਡਿਫੈਂਸ ਵਿੱਚ ਮੈਂਬਰ ਬਣ ਸਕਦੇ ਹਨ। ਇਸ ਮੌਕੇ ਉਹਨਾਂ ਨਾਲ ਰੈਡ ਕ੍ਰਾਸ ਸੈਕਟਰੀ ਸ੍ਰੀ ਸੈਮਸਨ ਮਸੀਹ ਅਤੇ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।