ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਦੇਣਾ ਪੰਜਾਬ ਦੇ ਹੱਕਾਂ ਉੱਤੇ ਡਾਕਾ : ਸ਼ੈਰੀ ਕਲਸੀ

  • ਬਟਾਲਾ ਵਿਖੇ ਚੇਅਰਮੈਨ ਯਸ਼ਪਾਲ ਚੋਹਾਨ, ਅੰਮ੍ਰਿਤ ਕਲਸੀ ਤੇ ਬਲਬੀਰ ਸਿੰਘ ਬਿੱਟੂ ਸਮੇਤ ਪਾਰਟੀ ਦੀ ਲੀਡਰਸ਼ਿਪ ਨੇ ਕੇਂਦਰ ਸਰਕਾਰ ਖਿਲਾਫ਼ ਕੀਤਾ ਜਬਰਦਸਤ ਰੋਸ ਪ੍ਰਦਰਸ਼ਨ-ਗਾਂਧੀ ਚੌਂਕ ਵਿਖੇ ਫੂਕਿਆ ਪੁਤਲਾ
  • ਕਿਹਾ-ਪੰਜਾਬ ਕੋਲ ਕਿਸੇ ਵੀ ਹੋਰ ਸੂਬੇ ਨੂੰ ਦੇਣ ਲਈ ਇਕ ਵੀ ਬੂੰਦ ਵਾਧੂ ਪਾਣੀ ਨਹੀਂ 

ਬਟਾਲਾ, 1 ਮਈ 2025 : ਬੀਤੀ ਰਾਤ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਨਾਲ ਇੱਕ ਹੋਰ ਧੱਕਾ ਕਰਦਿਆਂ ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡ ਦਿੱਤਾ ਗਿਆ ਹੈ, ਜੋ ਕਿ ਸਰਾਸਰ ਪੰਜਾਬ ਦੇ ਹੱਕਾਂ ਉੱਤੇ ਡਾਕਾ ਹੈ। ਅਸੀਂ ਇਹ ਡਾਕਾ ਬਰਦਾਸ਼ਤ ਨਹੀਂ ਕਰਾਂਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਪ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ। ਅੱਜ ਬਟਾਲਾ ਵਿਖੇ ਵਿਧਾਇਕ ਸ਼ੈਰੀ ਕਲਸੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੇਅਰਮੈਨ ਯਸ਼ਪਾਲ ਚੋਹਾਨ, ਅੰਮ੍ਰਿਤ ਕਲਸੀ ਤੇ ਬਲਬੀਰ ਸਿੰਘ ਬਿੱਟੂ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਕੇਂਦਰ ਸਰਕਾਰ ਖਿਲਾਫ਼ ਜਬਰਦਸਤ ਰੋਸ ਪ੍ਰਦਰਸ਼ਨ ਕਰਕੇ ਗਾਂਧੀ ਚੌਂਕ ਵਿਖੇ ਪੁਤਲਾ ਫੂਕਿਆ। ਵਿਧਾਇਕ ਸ਼ੈਰੀ ਕਲਸੀ ਜੋ ਇਸ ਬਾਬਤ ਚੰਡੀਗੜ੍ਹ ਵਿਖੇ ਸਨ ਨੇ ਫੋਨ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਸ ਤੋਂ ਪਹਿਲਾਂ ਬੜੇ ਸਪਸ਼ਟ ਲਫਜ਼ਾਂ ਵਿੱਚ ਭਾਖੜਾ ਡੈਮ ਪ੍ਰਬੰਧਕਾਂ ਅਤੇ ਕੇਂਦਰ ਸਰਕਾਰ ਨੂੰ ਸਪਸ਼ਟ ਕਰ ਚੁੱਕੇ ਹਨ ਕਿ ਪੰਜਾਬ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਵਾਧੂ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਤਾਂ ਇਹ ਮੰਗ ਕਰ ਰਹੇ ਸੀ ਕਿ ਪਹਿਲਾਂ ਸਾਡੇ ਹਿੱਸੇ ਦਾ ਪਾਣੀ ਪੂਰਾ ਕੀਤਾ ਜਾਵੇ, ਪਰ ਭਾਜਪਾ ਸਰਕਾਰ ਨੇ ਪੰਜਾਬ ਨਾਲ ਧੱਕਾ ਕਰਦੇ ਹੋਏ ਇਸ ਵਿੱਚੋਂ ਵੀ 8500 ਕਿਊਸਿਕ ਪਾਣੀ ਹਰਿਆਣੇ ਨੂੰ ਛੱਡ ਦਿੱਤਾ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਜੋ ਕਿ ਖੇਤੀ ਪ੍ਰਧਾਨ ਸੂਬਾ ਹੈ, ਪਹਿਲਾਂ ਹੀ ਜਲ ਸੰਕਟ ਦੀ ਮਾਰ ਹੇਠ ਹੈ। ਉਹਨਾਂ ਕਿਹਾ ਕਿ ਸਾਡਾ ਧਰਤੀ ਹੇਠਲਾ ਪਾਣੀ ਲਗਾਤਾਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਅਤੇ ਸਾਡੀ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਮੁੜ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾ ਕੇ ਧਰਤੀ ਹੇਠਲੇ ਪਾਣੀ ਤੋਂ ਥੋੜਾ ਪ੍ਰੈਸ਼ਰ ਘਟਾਇਆ ਹੈ ਪਰ ਕੇਂਦਰ ਸਰਕਾਰ ਨੇ ਪੰਜਾਬ ਦੇ ਪਾਣੀ ਉੱਤੇ ਡਾਕਾ ਮਾਰ ਕੇ ਪੰਜਾਬੀਆਂ ਨਾਲ ਸਿੱਧਾ ਧੱਕਾ ਕੀਤਾ ਹੈ, ਜਿਸ ਨੂੰ ਬਰਦਾਸ਼ਤ ਨੇ ਕੀਤਾ ਜਾ ਸਕਦਾ। ਗਾਂਧੀ ਚੌਂਕ ਵਿਖੇ ਪੁਤਲਾ ਫੂਕਣ ਉਪਰੰਤ ਚੇਅਰਮੈਨ ਯਸ਼ਪਾਲ ਚੋਹਾਨ, ਅੰਮ੍ਰਿਤ ਕਲਸੀ ਤੇ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਵੀ ਹੋਰ ਸੂਬੇ ਨੂੰ ਦੇਣ ਲਈ ਇਕ ਵੀ ਬੂੰਦ ਵਾਧੂ ਪਾਣੀ ਨਹੀਂ ਹੈ। ਉਨਾਂ ਦੱਸਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋ ਪੰਜਾਬ ਸਰਕਾਰ ਦੇ ਸਖ਼ਤ ਵਿਰੋਧ ਦੇ ਬਾਵਜੂਦ ਹਰਿਆਣਾ ਨੂੰ ਭਾਖੜਾ ਡੈਮ ਵਿੱਚੋਂ ਫੌਰੀ 8500 ਕਿਊਸਿਕ ਵਾਧੂ ਪਾਣੀ ਦੇਣ ਦਾ ਫੈਸਲਾ ਕੀਤਾ ਹੈ, ਜੋ ਪੰਜਾਬ ਨਾਲ ਧੱਕਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਸਰੋਕਾਰ ਪੰਜਾਬ ਨਾਲ ਹੀ ਹੈ ਅਤੇ ਕਿਸੇ ਨੂੰ ਵੀ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਭਾਜਪਾ ਤੇ ਵਰਦਿਆ ਕਿਹਾ ਕਿ ਉਹ ਹਰਿਆਣਾ ਅਤੇ ਕੇਂਦਰ ਦੀਆਂ ਸਰਕਾਰਾਂ ਰਾਹੀਂ ਸੂਬੇ ਨਾਲ ਧੱਕੇਸ਼ਾਹੀ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਬੀ.ਬੀ.ਐਮ.ਬੀ. ਵੱਲੋਂ ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਨ ਲਈ ਆਏ ਦਿਨ ਨਵੇਂ ਮਤੇ ਪਾਸ ਕੀਤੇ ਜਾ ਰਹੇ ਹਨ। ਉਨਾਂ ਨੇ ਦੁਹਰਾਇਆ ਕਿ ਵਿਧਾਇਕ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਦੀ ਅਗਵਾਈ ਹੇਠ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਡਟ ਕੇ ਪਹਿਰਾ ਦੇਵੇਗੀ ਅਤੇ ਕਿਸੇ ਨੂੰ ਵੀ ਸਾਡੇ ਪਾਣੀਆਂ ਨੂੰ ਖੋਹਣ ਦੀ ਆਗਿਆ ਨਹੀਂ ਦੇਵੇਗੀ। ਇਸ ਮੌਕੇ ਸੀਨੀਅਰ ਆਗੂ ਮੈਨੇਜਰ ਅਤਰ ਸਿੰਘ,ਐਮ.ਸੀ ਬਲਵਿੰਦਰ ਸਿੰਘ ਮਿੰਟਾ ਤੇ ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਰਾਜੂ, ਲਾਇਨ ਰਾਜੀਵ ਵਿੱਗ, ਹਰਵੰਤ ਮਹਾਜਨ, ਵਿਨੇ ਤਰੇਹਨ, ਅਵਤਾਰ ਸਿੰਘ ਕਲਸੀ, ਮਾਸਟਰ ਤਿਲਕ ਰਾਜ, ਵਿੱਕੀ ਚੌਹਾਨ, ਬੰਟੀ ਟਰੇਂਡਜ, ਭੁਪਿੰਦਰ ਸਿੰਘ, ਮਨਜੀਤ ਸਿੰਘ ਬਮਰਾਹ, ਦਲਜੀਤ ਸਿੰਘ ਵਿੱਕੀ, ਗੁਰਜੀਤ ਸਿੰਘ ਸੁੰਦਰ ਨਗਰ, ਐਡਵੋਕੇਟ ਮਨਜੀਤ ਸਿੰਘ, ਜਸਬੀਰ ਸਿੰਘ ਗਿੱਲ, ਬਿਕਰਮਜੀਤ ਸਿੰਘ ਬਿੱਕਾ, ਟੋਨੀ ਗਿੱਲ, ਵਿਜੈ ਕੁਮਾਰ, ਹਰਪ੍ਰੀਤ ਸਿੰਘ ਹੈਰੀ, ਰਾਜਵਿੰਦਰ ਸਿੰਘ ਰਾਜੂ, ਪਰਦੀਪ ਕੁਮਾਰ, ਰਜਿੰਦਰ ਕੁਮਾਰ ਜੰਬਾ, ਪਵਨ ਕੁਮਾਰ, ਮਨਿੰਦਰ ਸਿੰਘ ਹਨੀ, ਮਲਕੀਤ ਸਿੰਘ, ਸੁਨੀਲ ਸ਼ਰਮਾ ਆਦਿ ਮੋਜੂਦ ਸਨ।