
- ਮਿੱਟੀ ਦੀ ਉਪਜਾਊ ਸ਼ਕਤੀ ਲਈ ਫਸਲਾਂ ਦੀ ਰਹਿੰਦ-ਖੂੰਹਦ ਦੀ ਬਹੁਤ ਮਹੱਤਤਾ : ਡਾ ਭੁਪਿੰਦਰ ਸਿੰਘ ਏ ਓ
- ਹੈਪੀ ਸੀਡਰ ਅਤੇ ਸਰਫੇਸ ਸੀਡਰ ਤਕਨੀਕ ਨਾਲ ਫਸਲ ਦੇ ਚੰਗੇ ਝਾੜ ਦਾ ਅਨੁਮਾਨ
ਤਰਨ ਤਾਰਨ, 16 ਅਪ੍ਰੈਲ 2025 : ਫਸਲ ਦੇ ਚੰਗੇ ਝਾੜ ਅਤੇ ਮਿਆਰ ਲਈ ਜਿੱਥੇ ਮੌਸਮ ਅਨੁਸਾਰ ਉੱਚਿਤ ਸਮੇਂ ਤੇ ਬਿਜਾਈ ਮਹੱਤਵਪੂਰਨ ਹੈ, ਉੱਥੇ ਜ਼ਮੀਨ ਦਾ ਉਪਜਾਊ ਹੋਣਾ ਬਹੁਤ ਜਰੂਰੀ ਹੈ। ਇਸ ਲਈ ਜ਼ਮੀਨ ਵਿੱਚ ਜੈਵਿਕ ਮਾਦਾ ਪਾ ਕੇ, ਖੇਤ ਨੂੰ ਘੱਟੋ-ਘੱਟ ਵਾਹ ਕੇ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਘਟਾ ਕੇ, ਜ਼ਮੀਨ ਨੂੰ ਵੱਧ ਤੋਂ ਵੱਧ ਸਮੇਂ ਲਈ ਢੱਕਿਆ ਰੱਖ ਕੇ ਅਤੇ ਜੈਵਿਕ ਵਿਭਿੰਨਤਾ ਬਣਾਈ ਰੱਖ ਕੇ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹਿ ਸਕਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਭੁਪਿੰਦਰ ਸਿੰਘ ਏ ਓ, ਪੱਟੀ ਨੇ ਪਿੰਡ ਕਿਰਤੋਵਾਲ ਖੁਰਦ ਦੇ ਸੂਝਵਾਨ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਗਭਗ ਪਿਛਲੇ ਸੱਤ ਸਾਲ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਹੈਪੀ ਸੀਡਰ ਅਤੇ ਸਰਫੇਸ ਸੀਡਰ ਆਦਿ ਤਕਨੀਕ ਨਾਲ ਖੇਤ ਵਿੱਚ ਹੀ ਰੱਖ ਕੇ ਕਣਕ ਬਿਜਾਈ ਕਰ ਰਹੇ ਜਗਜੀਤ ਸਿੰਘ , ਗੁਰਪਿੰਦਰ ਸਿੰਘ (40 ਏਕੜ), ਗੁਰਪ੍ਰੀਤ ਸਿੰਘ (60 ਏਕੜ) ਅਤੇ ਸਰਵਣ ਸਿੰਘ (4 ਏਕੜ) ਨੇ ਦੱਸਿਆ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਰੱਖਣ ਨਾਲ ਪਹਿਲਾਂ ਦੇ ਮੁਕਾਬਲੇ ਜਿੱਥੇ ਖਾਦ ਦੀ ਵਰਤੋਂ ਅੱਧੀ ਰਹਿ ਗਈ ਹੈ, ਉੱਥੇ ਇਸ ਵਾਰ ਕਣਕ ਵਿੱਚ ਕਿਸੇ ਕੀਟ ਨਾਸ਼ਕ ਜਾਂ ਉੱਲੀ ਨਾਸ਼ਕ ਦੀ ਵੀ ਵਰਤੋਂ ਨਹੀਂ ਕਰਨੀ ਪਈ। ਉਨਾਂ ਜਾਣਕਾਰੀ ਸਾਂਝੀ ਕੀਤੀ ਕਿ ਹੈਪੀ ਸੀਡਰ ਅਤੇ ਸਰਫੇਸ ਸੀਡਰ ਤਕਨੀਕ ਨਾਲ ਬਿਜਾਈ ਦਾ ਖਰਚ ਘੱਟ ਹੋਇਆਂ ਹੈ। ਦਾਣਿਆਂ ਦੀ ਕੁਆਲਿਟੀ ਵੀ ਚੰਗੀ ਹੈ ਅਤੇ ਕਟਾਈ ਦੋਰਾਨ ਮੁੱਢਲੇ ਤੌਰ ਤੇ ਪਹਿਲਾਂ ਦੀ ਤਰ੍ਹਾਂ ਚੰਗਾ ਝਾੜ ਹੋਣ ਦੀ ਉਮੀਦ ਹੈ। ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ ਹਰਪਾਲ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ ਤਹਿਤ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਨਾਲ ਕੀਤੀ ਖੇਤੀ ਦਾ ਨਿਰੀਖਣ ਕਰਨ ਮੌਕੇ ਡਾ ਭੁਪਿੰਦਰ ਸਿੰਘ ਏ ਓ, ਦਇਆ ਪ੍ਰੀਤ ਸਿੰਘ ਏ ਈ ਓ, ਗੁਰ ਸਿਮਰਨ ਸਿੰਘ, ਬਲਰਾਜ ਸਿੰਘ ਅਤੇ ਰਣਜੀਤ ਸਿੰਘ ਖੇਤੀ ਉਪ-ਨਿਰੀਖਕ ਨੇ ਜਾਣਕਾਰੀ ਸਾਂਝੀ ਕੀਤੀ ਕਿ ਮਿੱਟੀ ਦੀ ਉਪਜਾਊ ਸ਼ਕਤੀ ਲਈ ਫਸਲਾਂ ਦੀ ਰਹਿੰਦ-ਖੂੰਹਦ ਦੀ ਮਹੱਤਤਾ ਬਹੁਤ ਹੈ, ਕਿਉਂ ਜੋ ਅਨਾਜ ਵਾਲੀਆਂ ਫਸਲਾਂ ਦੁਆਰਾ ਮਿੱਟੀ ਤੋਂ ਲਏ ਖੁਰਾਕੀ ਤੱਤਾਂ ਵਿੱਚੋਂ ਕ੍ਰਮਵਾਰ 25 ਪ੍ਰਤੀਸ਼ਤ ਨਾਈਟਰੋਜਨ ਅਤੇ ਫਾਸਫੋਰਸ, 50 ਪ੍ਰਤੀਸ਼ਤ ਸਲਫਰ ਅਤੇ 75 ਪ੍ਰਤੀਸ਼ਤ ਪੋਟਾਸ਼ ਫਸਲੀ ਰਹਿੰਦ-ਖੂੰਹਦ ਵਿੱਚ ਹੀ ਰਹਿ ਜਾਂਦੇ ਹਨ। ਨਾਲ ਦੀ ਨਾਲ ਫਸਲਾਂ ਦੀ ਰਹਿੰਦ-ਖੂੰਹਦ ਜਿੱਥੇ ਜੈਵਿਕ ਮਾਦੇ ਨੂੰ ਵਧਾਉਂਦੀ ਹੈ, ਉੱਥੇ ਜ਼ਮੀਨ ਨੂੰ ਨਰਮ ਕਰਦੀ ਹੈ। ਇਸ ਦੇ ਨਾਲ ਮਿੱਟੀ ਦੀ ਪਾਣੀ ਜ਼ਬਤ ਕਰਨ ਦੀ ਸ਼ਕਤੀ ਵੀ ਵੱਧਦੀ ਹੈ ਅਤੇ ਮਿੱਟੀ ਵਿੱਚ ਜੀਵਾਣੂਆਂ ਦੇ ਵਾਧੇ ਲਈ ਖੁਰਾਕ ਦਿੰਦੀ ਹੈ। ਇਸ ਮੌਕੇ ਸਰਪੰਚ ਤਰਸੇਮ ਸਿੰਘ ਸੋਨੂ ਭੁੱਲਰ ਅਤੇ ਹਾਜ਼ਰੀਨ ਨੇ ਮੌਸਮ ਤਬਦੀਲੀ ਕਾਰਨ ਫਸਲਾਂ ਵਿੱਚ ਆਈ ਮੁਸ਼ਕਲ ਸਬੰਧੀ ਗੱਲਬਾਤ ਕੀਤੀ । ਉਹਨਾਂ ਦੱਸਿਆ ਕਿ ਸਮੇਂ-ਸਮੇਂ ਤੇ ਖੇਤੀ ਪ੍ਰਸਾਰ ਸੇਵਾਵਾਂ ਮਿਲਣ ਨਾਲ ਖੇਤੀ ਖਰਚੇ ਘਟ ਰਹੇ ਹਨ।