ਵਿਧਾਇਕ ਸ਼ੈਰੀ ਕਲਸੀ ਨੇ ਸ਼ਹਿਰ ਵਿੱਚ ਸਫਾਈ ਵਿਵਸਥਾ ਸਬੰਧੀ ਲਿਆ ਸਖ਼ਤ ਨੋਟਿਸ-ਸਫ਼ਾਈ ਸੇਵਕਾਂ ਨੂੰ ਆਪਣੀ ਡਿਊਟੀ ਪਹਿਲ ਦੇ ਆਧਾਰ ’ਤੇ ਨਿਭਾਉਣ ਦੀ ਕੀਤੀ ਤਾਕੀਦ

ਬਟਾਲਾ, 12 ਮਈ 2005 : ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਸ਼ਹਿਰ ਵਿਚਲੀ ਸਫਾਈ ਵਿਵਸਥਾ ਠੀਕ ਨਾ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਸਫਾਈ ਸੇਵਕਾਂ ਨੂੰ ਸਖ਼ਤ ਸਬਦਾਂ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਤਾਕੀਦ ਕਰਦਿਆਂ ਕਿਹਾ ਕਿ ਡਿਊਟੀ ਵਿੱਚ ਕਿਸੇ ਪ੍ਰਕਾਰ ਦੀ ਲਾਪਰਵਾਹੀ ਜਾਂ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਧਾਇਕ ਸ਼ੈਰੀ ਕਲਸੀ ਨੇ ਅੱਜ ਕਿਹਾ ਕਿ ਉਨਾਂ ਨੇ ਹਮੇਸਾਂ ਸਫਾਈ ਸੇਵਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਹਨ। ਉਨਾਂ ਕਿਹਾ ਕਿ ਸਫਾਈ ਸੇਵਕਾਂ ਨੂੰ ਕੰਟਰੈਕਟ ਬੇਸ ’ਤੇ ਕੀਤਾ ਗਿਆ, ਜਿਸਦੀ ਉਹ ਦਹਾਕਿਆਂ ਤੋਂ ਮੰਗ ਕਰ ਰਹੇ ਸਨ। ਉਨਾਂ ਕਿਹਾ ਕਿ ਉਹ ਸਫਾਈ ਸੇਵਕਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦੇ ਹਨ ਅਤੇ ਉਨਾਂ ਦੇ ਹਰ ਦੁੱਖ-ਸੁੱਖ ਵਿੱਚ ਭਾਈਵਾਲ ਬਣਦੇ ਹਨ। ਉਨਾਂ ਅੱਗੇ ਕਿਹਾ ਕਿ ਪਰ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰ, ਨਾਲੀਆਂ ਦੀ ਸਫਾਈ ਤੇ ਗਾਰ ਆਦਿ ਸਮੇਂ ਸਿਰ ਨਾ ਚੁੱਕਣ ਕਰਕੇ ਉਨਾਂ ਨੂੰ ਬਹੁਤ ਦੁੱਖ ਲੱਗਾ ਹੈ। ਉਨਾਂ ਕਿਹਾ ਕਿ 425 ਸਫਾਈ ਸੇਵਕਾਂ ਦੇ ਹੋਣ ਦੇ ਬਾਵਜੂਦ ਸ਼ਹਿਰ ਅੰਦਰ ਸਫਾਈ ਵਿਵਸਥਾ ਠੀਕ ਨਾ ਹੋਣਾ, ਬਹੁਤ ਮਾੜਾ ਹੈ। ਉਨਾਂ ਕਿਹਾ ਕਿ ਜੇਕਰ ਅਗਲੇ 10 ਦਿਨਾਂ ਦੇ ਅੰਦਰ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਕੋਈ ਜ਼ਿਕਰਯੋਗ ਸੁਧਾਰ ਨਾ ਹੋਇਆ ਤਾਂ ਉਨਾਂ ਨੂੰ ਮਜਬੂਰਨ ਕੋਈ ਸਖ਼ਤ ਫੈਸਲਾ ਲੈਣਾ ਪਵੇਗਾ, ਜਿਸ ਦੇ ਸਫਾਈ ਸੇਵਕ ਆਪ ਹੀ ਜ਼ਿੰਮੇਵਾਰ ਹੋਣਗੇ। ਇਸ ਮੌਕੇ ਸਫਾਈ ਸੇਵਕਾਂ ਵਲੋਂ ਪ੍ਰਧਾਨ ਟੀਨੂੰ ਕਲਿਆਣ ਨੇ ਵਿਧਾਇਕ ਸ਼ੈਰੀ ਕਲਸੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸ਼ਹਿਰ ਅੰਦਰ ਸਾਫ-ਸਫਾਈ ਨੂੰ ਪਹਿਲ ਦੇ ਆਧਾਰ ’ਤੇ ਕਰਨ ਨੂੰ ਯਕੀਨੀ ਬਣਾਉਣਗੇ। ਉਨਾਂ ਇਹ ਵੀ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਹਮੇਸਾ ਉਨਾਂ ਦੀ ਹਰ ਮੰਗ ਪਹਿਲ ਦੇ ਆਧਾਰ ’ਤੇ ਪੂਰੀ ਕੀਤੀ ਜਾਂਦੀ ਹੈ, ਇਸ ਲਈ ਸਫਾਈ ਸੇਵਕਾਂ ਦੀ ਵੀ ਡਿਊਟੀ ਬਣਦੀ ਹੈ ਕਿ ਉਹ ਸ਼ਹਿਰ ਨੂੰ ਨਿਯਮਿਤ ਤੌਰ ’ਤੇ ਸਾਫ਼=ਸੁਥਰਾ ਰੱਖਣ।