
- ਫਾਜ਼ਿਲਕਾ ਸ਼ਹਿਰ ਵਿੱਚ ਲੱਗਣਗੀਆਂ 600 ਹੋਰ ਸਟਰੀਟ ਲਾਈਟਾਂ
ਫਾਜ਼ਿਲਕਾ 17 ਅਪ੍ਰੈਲ 2025 : ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਅੱਜ ਵੱਖ-ਵੱਖ ਸ਼ਹਿਰਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਸਮੀਖਿਆ ਲਈ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਉਨਾਂ ਨੇ ਹਦਾਇਤ ਕੀਤੀ ਕਿ ਗਰਮੀ ਦੇ ਸੀਜ਼ਨ ਦੇ ਮੱਦੇ ਨਜ਼ਰ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਇਲਾਕੇ ਵਿੱਚ ਪੀਣ ਦੇ ਪਾਣੀ ਦੀ ਕੋਈ ਘਾਟ ਨਾ ਹੋਵੇ। ਉਨਾਂ ਨੇ ਕਿਹਾ ਕਿ ਸੀਵਰੇਜ ਸਬੰਧੀ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ 24 ਘੰਟੇ ਦੇ ਅੰਦਰ ਨਿਪਟਾਰਾ ਕੀਤਾ ਜਾਵੇ। ਉਨਾਂ ਨੇ ਹਦਾਇਤ ਕੀਤੀ ਕਿ ਫਾਜ਼ਿਲਕਾ ਤੇ ਜਲਾਲਾਬਾਦ ਸ਼ਹਿਰ ਵਿੱਚ ਰਾਤ ਸਮੇਂ ਸਫਾਈ ਕਰਵਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇ। ਇਸੇ ਤਰ੍ਹਾਂ ਉਨ੍ਹਾਂ ਨੇ ਆਖਿਆ ਕਿ ਫਾਜ਼ਿਲਕਾ ਸ਼ਹਿਰ ਵਿੱਚ 600 ਹੋਰ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ । ਸ਼ਹਿਰ ਵਿੱਚ ਇਸ ਤੋਂ ਪਹਿਲਾਂ 5443 ਸਟਰੀਟ ਲਾਈਟਾਂ ਹਨ। ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਹੋਰ ਹਰੇ ਖੇਤਰ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ। ਇਸ ਦੌਰਾਨ ਉਨਾਂ ਨੇ ਸ਼ਹਿਰ ਵਿੱਚੋਂ ਕੂੜਾ ਕਰਕਟ ਚੁੱਕਣ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯਕੀਨੀ ਬਣਾਇਆ ਜਾਵੇ ਕਿ ਗਿੱਲੇ ਅਤੇ ਸੁੱਕੇ ਕੂੜੇ ਦਾ ਪੂਰੀ ਤਰਾਂ ਵਰਗੀਕਰਨ ਕੀਤਾ ਜਾਵੇ ਅਤੇ ਪੁਰਾਣਾ ਜੋ ਕੂੜਾ ਡੰਪ ਵਿੱਚ ਪਿਆ ਹੈ ਉਸ ਦਾ ਨਿਪਟਾਰਾ ਵੀ ਜਲਦ ਤੋਂ ਜਲਦ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਨਾਂ ਨੇ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਗਿਲਾ ਅਤੇ ਸੁੱਕਾ ਕੂੜਾ ਅੱਡ ਅੱਡ ਹੀ ਨਗਰ ਨਿਗਮ ਦੀ ਟੀਮ ਨੂੰ ਦਿੱਤਾ ਜਾਵੇ। ਇਸ ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ, ਫਾਜ਼ਿਲਕਾ ਦੇ ਕਾਰਜ ਸਾਧਕ ਅਫਸਰ ਰੋਹਿਤ ਕੜਵਾਸਰਾ, ਜਲਾਲਾਬਾਦ ਦੇ ਕਾਰਜ ਸਾਧਕ ਅਫਸਰ ਗੁਰਦਾਸ ਸਿੰਘ, ਜਗਦੀਪ ਅਰੋੜਾ, ਨਰੇਸ਼ ਖੇੜਾ ਸਮੇਤ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।