ਨਸ਼ਾ ਹੋਵੇਗਾ ਮੁਕੰਮਲ ਤੌਰ ਤੇ ਖਤਮ- ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ

  • ਪਿੰਡ ਪਿੰਡ ਨਸ਼ੇ ਖਿਲਾਫ ਇੱਕਜੁੱਟ ਹੋਣ ਲੱਗੇ ਲੋਕ, ਨਸ਼ਾ ਮੁਕਤੀ ਯਾਤਰਾ ਬਣੀ ਲੋਕ ਲਹਿਰ

ਫਾਜ਼ਿਲਕਾ 21 ਮਈ 2025 : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਪਿੰਡ ਸੈਦੋਕੇ ਉਤਾੜ (ਚਾਂਦ ਮਾਰੀ) ਅਤੇ ਥੇਹ ਕਲੰਦਰ ਪਹੁੰਚੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਸ਼ੇ ਦੇ ਮੁਕੰਮਲ ਖਾਤਮੇ ਲਈ ਦ੍ਰਿੜ ਸੰਕਲਪਿਤ ਹੈ। ਇਸ ਮੌਕੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਇੱਕ ਲੋਕ ਲਹਿਰ ਬਣ ਰਹੀ ਹੈ ਅਤੇ ਪਿੰਡ ਪਿੰਡ ਲੋਕ ਇਸ ਲਹਿਰ ਦੇ ਸਮਰਥਨ ਵਿੱਚ ਅੱਗੇ ਆ ਰਹੇ ਹਨ। ਉਹਨਾਂ ਨੇ ਇਹਨਾਂ ਪਿੰਡਾਂ ਵਿੱਚ ਸਮਾਗਮਾਂ ਦੌਰਾਨ ਕਿਹਾ ਕਿ ਜੇਕਰ ਕੋਈ ਨਸ਼ੇ ਤੋਂ ਪੀੜਿਤ ਹੈ ਤਾਂ ਸਰਕਾਰ ਉਸ ਦਾ ਮੁਫਤ ਇਲਾਜ ਕਰਵਾ ਰਹੀ ਹੈ ਅਤੇ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਸਨੂੰ ਕਾਨੂੰਨ ਅਨੁਸਾਰ ਕਾਬੂ ਕਰਕੇ ਜੇਲ ਭੇਜਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਨਸ਼ਾ ਤਸਕਰਾਂ ਦੀਆਂ ਇਮਾਰਤਾਂ ਤੇ ਬੁਲਡੋਜ਼ਰ ਚੱਲ ਰਹੇ ਹਨ। ਵਿਧਾਇਕ ਨੇ ਕਿਹਾ ਕਿ ਇਸ ਸਰਹੱਦੀ ਇਲਾਕੇ ਵਿਚ ਸਾਡੀ ਨੌਜਵਾਨੀ ਨੂੰ ਸਹੀ ਦਿਸ਼ਾ ਦੇਣ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਖੇਡ ਸਹੁਲਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਖੇਡਾਂ ਨਾਲ ਜੁੜਨ ਅਤੇ ਮਾੜੀਆਂ ਆਦਤਾਂ ਵਾਲੇ ਪਾਸੇ ਨਾ ਜਾਣ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕਾਂ ਨੇ ਆਪੋ ਆਪਣੇ ਪਿੰਡਾਂ ਦੇ ਪਹਿਰੇਦਾਰ ਬਣਨ ਦੀ ਸਹੁੰ ਚੁੱਕੀ ਅਤੇ ਪ੍ਰਣ ਲਿਆ ਕੇ ਉਹ ਪਿੰਡ ਵਿੱਚ ਨਸ਼ੇ ਨਹੀਂ ਵਿਕਣ ਦੇਣਗੇ ਅਤੇ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਕੋਈ ਵੀ ਉਸਦੀ ਜਮਾਨਤ ਨਹੀਂ ਦੇਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ, ਨਸ਼ਾ ਮੁਕਤੀ ਯਾਤਰਾ ਦੇ ਜ਼ਿਲ੍ਹਾ ਕੋਆਰਡੀਨੇਟਰ ਬੱਬੂ ਚੇਤੀਵਾਲ, ਹਲਕਾ ਕੁਆਲਟੀਨੇਟਰ ਰਾਜੇਸ਼ ਖੁਰਾਣਾ ਵੀ ਹਾਜ਼ਰ ਸਨ।