ਵਿਧਾਇਕ ਕਾਕਾ ਬਰਾੜ ਵੱਲੋਂ ਪਿੰਡ ਸੰਗੂਧੌਨ, ਉਦੇਕਰਨ ਅਤੇ ਥਾਂਦੇਵਾਲਾ ਵਿਖੇ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ

ਸ੍ਰੀ ਮੁਕਤਸਰ ਸਾਹਿਬ, 22 ਮਈ 2025 : ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ "ਨਸ਼ਾ ਮੁਕਤੀ ਯਾਤਰਾ" ਤਹਿਤ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਗੂਧੌਨ, ਉਦੇਕਰਨ ਅਤੇ ਥਾਂਦੇਵਾਲਾ ਵਿਖੇ ਨਸ਼ਿਆਂ ਦੇ ਖਾਤਮੇ ਹਿਤ ਬਣਾਈਆਂ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਕਾਕਾ ਬਰਾੜ ਨੇ ਕਿਹਾ ਕਿ ਸੂਬੇ ਵਿੱਚ ਆਪ ਸਰਕਾਰ ਬਣਨ 'ਤੇ ਪੰਜਾਬ ਦੇ ਹਾਲਾਤ ਸੁਧਰਨ ਵਾਲੇ ਪਾਸੇ ਮੁੜੇ ਹਨ ਤੇ ਅੱਜ ਪੰਜਾਬ ਰੰਗਲਾ ਪੰਜਾਬ ਬਣਨ ਦੇ ਰਾਹ ਪਿਆ ਹੈ ਅਤੇ ਪੰਜਾਬ ਵਿੱਚ ਨਸ਼ਾ ਕਿਸੇ ਵੀ ਕੀਮਤ ਉੱਤੇ ਵੀ ਰਹਿਣ ਨਹੀਂ ਦਿੱਤਾ ਜਾਵੇਗਾ। ਵਿਧਾਇਕ ਨੇ ਉਹਨਾਂ ਪੰਚਾਇਤਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਨਸ਼ਿਆਂ ਖਿਲਾਫ ਮਤੇ ਪਾਏ ਹਨ ਤੇ ਜਿਹੜੇ ਪਿੰਡਾਂ ਵਿੱਚ ਨਸ਼ੇ ਖਤਮ ਹੋਏ ਹਨ, ਉਹਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨਾਲ ਹੀ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਡੱਟ ਕੇ ਕੰਮ ਕਰਨ ਲਈ ਪ੍ਰੇਰਿਆ। ਵਿਧਾਇਕ ਕਾਕਾ ਬਰਾੜ ਨੇ ਕਿਹਾ ਕਿ ਜਿਹੜੇ ਨਸ਼ਾ ਪੀੜਤ ਹਨ, ਉਹਨਾਂ ਦਾ ਇਲਾਜ ਕਰਵਾਉਣਾ ਹੈ ਤੇ ਜਿਹੜੇ ਨਸ਼ੇ ਵੇਚਦੇ ਹਨ, ਉਹ ਕਿਸੇ ਵੀ ਹਾਲ ਬਖ਼ਸ਼ੇ ਨਹੀਂ ਜਾਣਗੇ। ਇਸ ਮੌਕੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰ ਜਗਸੀਰ ਸਿੰਘ ਸਰਪੰਚ, ਰੱਖਿਆ ਕਮੇਟੀਆਂ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਹਾਜ਼ਰ ਸਨ।