ਮੁਹਾਲੀ ਪੁਲਿਸ ਵੱਲੋਂ ਰਾਜਸਥਾਨ ਦੇ ਦੋ ਵਿਅਕਤੀਆਂ ਤੋਂ 550 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਨਾਲ ਭਰਿਆ ਟਰੱਕ ਕਾਬੂ

ਡੇਰਾਬੱਸੀ, 18 ਮਈ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਪੰਜਾਬ ਸ਼੍ਰੀ ਗੌਰਵ ਯਾਦਵ ਵੱਲੋਂ ਰਾਜ ਵਿੱਚੋਂ ਨਸ਼ੀਲੇ ਪਦਾਰਥਾਂ/ਨਕਲੀ ਸ਼ਰਾਬ ਦੇ ਖ਼ਤਰੇ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਰਾਜ ਵਿਆਪੀ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ, ਜ਼ਿਲ੍ਹਾ ਐਸ ਏ ਐਸ ਨਗਰ ਪੁਲਿਸ ਨੇ ਰੋਪੜ ਰੇਂਜ ਦੇ ਡੀ ਆਈ ਜੀ ਸ. ਹਰਚਰਨ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ, ਜ਼ਿਲ੍ਹੇ ਚ ਵੱਖ-ਵੱਖ ਥਾਵਾਂ 'ਤੇ ਅੰਤਰ-ਰਾਜੀ ਸਰਹੱਦਾਂ 'ਤੇ ਵਿਸ਼ੇਸ਼ ਚੈੱਕਪੋਸਟਾਂ/ਨਾਕਾਬੰਦੀਆਂ ਲਾ ਕੇ 'ਆਪ੍ਰੇਸ਼ਨ ਸੀਲ' ਤਹਿਤ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਇਹ ਜਾਣਕਾਰੀ ਐਤਵਾਰ ਨੂੰ ਐਸ ਐਸ ਪੀ ਐਸ ਏ ਐਸ ਨਗਰ ਸ. ਹਰਮਨਦੀਪ ਸਿੰਘ ਹਾਂਸ ਨੇ ਦਿੰਦਿਆਂ ਦੱਸਿਆ ਕਿ ਇਸ ਕਾਰਵਾਈ ਦੌਰਾਨ, ਸਬ-ਡਵੀਜ਼ਨ ਡੇਰਾਬੱਸੀ ਦੀ ਇੱਕ ਟੀਮ ਨੇ ਹੰਡੇਸਰਾ ਦੇ ਨਗਲਾ ਟੀ ਪੁਆਇੰਟ 'ਤੇ ਲਗਾਏ ਗਏ ਅੰਤਰ-ਰਾਜੀ ਨਾਕੇ 'ਤੇ ਇੱਕ ਟਰੱਕ ਨੂੰ ਰੋਕਿਆ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਪਾਸੋਂ 550 ਪੇਟੀਆਂ "ਅੰਗਰੇਜ਼ੀ ਸ਼ਰਾਬ" ਬਰਾਮਦ ਹੋਈਆਂ, ਜੋ ਕਿ ਸਿਰਫ਼ ਚੰਡੀਗੜ੍ਹ ਵਿੱਚ ਵਿਕਰੀ ਲਈ ਲੇਬਲ ਕੀਤੀ ਗਈ ਸੀ। ਹੋਰ ਜਾਣਕਾਰੀ ਦਿੰਦੇ ਹੋਏ, ਐਸ ਐਸ ਪੀ ਹਾਂਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਦੀ ਪਛਾਣ ਦੇਦਾ ਰਾਮ ਪੁੱਤਰ ਕੁੰਭਾ ਰਾਮ, ਵਾਸੀ ਭੂਨੀਆ, ਤਹਿਸੀਲ ਸੇਦਵਾ, ਜ਼ਿਲ੍ਹਾ ਬਾੜਮੇਰ, ਰਾਜਸਥਾਨ ਅਤੇ ਭੂਪਾ ਰਾਮ ਪੁੱਤਰ ਜੁਜਾ ਰਾਮ, ਵਾਸੀ ਗੁੜਾ ਮਲਾਨੀ, ਤਹਿਸੀਲ ਗੁੱਡਾ, ਜ਼ਿਲ੍ਹਾ ਬਾੜਮੇਰ, ਰਾਜਸਥਾਨ ਵਜੋਂ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅੰਤਰ-ਰਾਜੀ ਨਾਕਿਆਂ 'ਤੇ ਤਾਇਨਾਤ ਸਾਰੀਆਂ ਪੁਲਿਸ ਟੀਮਾਂ ਨੂੰ ਵਿਸ਼ੇਸ਼ ਤੌਰ ਤੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਨਸ਼ੀਲੇ ਪਦਾਰਥਾਂ ਅਤੇ ਗ਼ੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਵਰਗੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ, ਪੁਲਿਸ ਟੀਮਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ, ਜਿਸ ਕਾਰਨ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਸ਼ਰਾਬ ਦੀ ਬਰਾਮਦਗੀ ਹੋਈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਆਬਕਾਰੀ ਐਕਟ ਦੀ ਧਾਰਾ 61 ਤਹਿਤ ਥਾਣਾ ਹੰਡੇਸਰਾ, ਡੇਰਾਬੱਸੀ ਵਿਖੇ ਐਫ ਆਈ ਆਰ ਨੰਬਰ 23, ਮਿਤੀ 18-05-2025 ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਗੈਰ-ਕਾਨੂੰਨੀ ਸ਼ਰਾਬ ਸਪਲਾਈ ਲੜੀ ਦੇ ਹੋਰਨਾਂ ਦੋਸ਼ੀਆਂ ਦੀ ਸ਼ਮੂਲੀਅਤ ਦਾ ਪਤਾ ਲਾਉਣ ਲਈ ਅਗਲੇਰੇ ਅਤੇ ਪਿਛਲੇਰੇ ਸਬੰਧਾਂ ਦੇ ਆਧਾਰ 'ਤੇ ਅਗਲੇਰੀ ਜਾਂਚ ਜਾਰੀ ਹੈ। ਐਸਐਸਪੀ ਹਾਂਸ ਨੇ ਮੁਹਾਲੀ ਪੁਲਿਸ ਦੀ ਜ਼ਿਲ੍ਹੇ ਵਿੱਚ ਤਸਕਰਾਂ ਅਤੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਇਆ।

https://www.facebook.com/photo?fbid=1045122177722895&set=pcb.1045122211056225