
- ਫਰਵਾਹੀ ਸਕੂਲ ਵਿੱਚ 11 ਲੱਖ ਦੀ ਲਾਗਤ ਨਾਲ ਬਣੀ ਸਾਇੰਸ ਲੈਬ
ਬਰਨਾਲਾ, 17 ਅਪ੍ਰੈਲ 2025 : ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਫਰਵਾਹੀ ਅਤੇ ਰਾਜਗੜ੍ਹ ਦੇ ਸਕੂਲਾਂ ਵਿਚ ਪੰਜਾਬ ਸਰਕਾਰ ਦੀ ਮੁਹਿੰਮ ਸਿੱਖਿਆ ਕ੍ਰਾਂਤੀ ਤਹਿਤ 32.29 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀਆਂ ਰੁਚੀਆਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸਾਰੀਆਂ ਸਹੂਲਤਾਂ ਮੁਹਈਆ ਕਰਾਈਆਂ ਜਾ ਰਹੀਆਂ ਹਨ। ਸਕੂਲਾਂ ਨੂੰ ਜਿੱਥੇ ਬੁਨਿਆਦੀ ਢਾਂਚੇ, ਆਧੁਨਿਕ ਸਾਜ਼ੋ- ਸਮਾਨ ਨਾਲ ਲੈਸ ਕੀਤਾ ਜਾ ਰਿਹਾ ਹੈ, ਓਥੇ ਅਧਿਆਪਕਾਂ ਨੂੰ ਆਧੁਨਿਕ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਰੋੜਾਂ ਰੁਪਏ ਦੀ ਗ੍ਰਾਂਟ ਸਕੂਲਾਂ ਲਈ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾ ਰਿਹਾ ਹੈ। ਸਕੂਲਾਂ ਵਿਚ ਨਵੇਂ ਕਮਰਿਆਂ, ਸਾਇੰਸ ਲੈਬ, ਚਾਰਦੀਵਾਰੀ ਦੇ ਕੰਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ਤੋਂ ਸਕੂਲ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਸਨ ਜੋ ਕਿ ਸਰਕਾਰ ਵਲੋਂ ਪਿਛਲੇ 3 ਸਾਲਾਂ ਤੋਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਵਿਚ 22.89 ਲੱਖ ਦੀ ਲਾਗਤ ਨਾਲ, ਸਰਕਾਰੀ ਪ੍ਰਾਇਮਰੀ ਸਕੂਲ ਫਰਵਾਹੀ ਵਿਚ 2.3 ਲੱਖ ਦੀ ਲਾਗਤ ਨਾਲ, ਸਰਕਾਰੀ ਮਿਡਲ ਸਕੂਲ ਰਾਜਗੜ੍ਹ ਵਿਚ 2.3 ਲੱਖ ਦੀ ਲਾਗਤ ਨਾਲ ਅਤੇ ਪ੍ਰਾਇਮਰੀ ਸਕੂਲ ਰਾਜਗੜ੍ਹ ਵਿਚ 4.8 ਲੱਖ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਸ. ਹਰਿੰਦਰ ਸਿੰਘ ਧਾਲੀਵਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰ ਸਿੰਘ, ਸਿੱਖਿਆ ਕੋਆਰਡੀਨੇਟਰ ਸਤਨਾਮ ਸਿੰਘ, ਰੋਹਿਤ ਓਸ਼ੋ ਤੇ ਹੋਰ ਪਤਵੰਤੇ ਹਾਜ਼ਰ ਸਨ।