
ਫਾਜਿਲਕਾ 20 ਮਈ 2025 : ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ @ਯੁੱਧ ਨਸ਼ਿਆਂ ਵਿਰੁੱਧ@ ਸਬੰਧੀ ਅੱਜ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਦੀ ਉਚੇਚੀ ਨਿਗਰਾਨੀ, ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਅਤੇ ਡਾਕਟਰ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਦੇਖਰੇਖ ਵਿੱਚ ਸਰਕਾਰੀ ਹਾਈ ਸਕੂਲ ਬਨਵਾਲਾ ਹਨੂੰਵੰਤਾ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮੇਂ ਵਿਨੋਦ ਕੁਮਾਰ ਜਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਸੁਰਿੰਦਰ ਕੁਮਾਰ ਕੌਂਸਲਰ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਕੁਝ ਨਸ਼ਾ ਵੇਚਣ ਵਾਲੇ ਲੋਕ ਸਕੂਲਾਂ ਜਾਂ ਕਾਲਜਾਂ ਦੇ ਬਾਹਰ ਆ ਕੇ ਬੱਚਿਆਂ ਨੂੰ ਮੁਫ਼ਤ ਨਸ਼ਾ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਹਰ ਰੋਜ਼ ਨਸ਼ਾ ਕਰਨ ਕਾਰਣ ਬੱਚਿਆਂ ਨੂੰ ਇਸ ਦੀ ਆਦਤ ਹੋ ਜਾਂਦੀ ਹੈ। ਇਸ ਲਈ ਇਨ੍ਹਾਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਉਹਨਾਂ ਬੱਚਿਆਂ ਨੂੰ ਆਪਣੇ ਘਰ, ਸਮਾਜ ਜਾਂ ਪਿੰਡ—ਸ਼ਹਿਰ ਵਿੱਚ ਨਸ਼ੇ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਾਉਣ ਵਿੱਚ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ। ਜਿਲ੍ਹਾ ਫਾਜ਼ਿਲਕਾ ਵਿੱਚ ਸਿਵਲ ਹਸਪਤਾਲ ਅਬੋਹਰ ਅਤੇ ਫਾਜ਼ਿਲਕਾ ਵਿਖੇ ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ, ਜਿਥੇ ਮਰੀਜ਼ ਨੂੰ ਦਾਖਲ ਕਰਕੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਵਿੱਚ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਨਸ਼ਾ ਛੱਡਣ ਤੋਂ ਬਾਅਦ ਮਰੀਜ਼ ਨੂੰ ਸਮਾਜ ਵਿੱਚ ਪੁਨਰਵਾਸ ਲਈ ਪਿੰਡ ਜੱਟਵਾਲੀ ਵਿਖੇ ਬਣੇ ਪੁਨਰਵਾਸ ਕੇਂਦਰ ਵਿੱਚ ਰੱਖਿਆ ਜ਼ਾਂਦਾ ਹੈ। ਜਿੱਥੇ ਜਿਮ, ਖਾਣੇ ਦਾ ਪ੍ਰਬੰਧ ਹੈ। ਜਿਥੇ ਕੌਂਸਲਰਾਂ ਵੱਲੋਂ ਮਰੀਜ਼ ਨੂੰ ਦੁਬਾਰਾ ਨਸ਼ਾ ਨਾ ਕਰਨ ਅਤੇ ਸਮਾਜ ਵਿੱਚ ਪੁਨਰਵਾਸ ਲਈ ਕੌਂਸਲਿੰਗ ਕੀਤੀ ਜਾਂਦੀ ਹੈ। ਉਹਨਾਂ ਅਧਿਆਪਿਕਾਂ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਨਸ਼ਾ ਨਾ ਕਰਕੇ ਅਤੇ ਸਮਾਜ ਵਿੱਚ ਨਸ਼ਿਆਂ ਤੋਂ ਬਚਾਅ ਲਈ ਜਾਗਰੂਕਤਾ ਫੈਲਾਅ ਕੇ ਪੰਜਾਬ ਸਰਕਾਰ ਦੀ ਮੁਹਿੰਮ @ਯੁੱਧ ਨਸ਼ਿਆਂ ਵਿਰੁੱਧ@ ਦਾ ਹਿੱਸਾ ਬਣਕੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਆਪਣਾ ਆਪਣਾ ਯੋਗਦਾਨ ਪਾਈਏ। ਇਸ ਸਮੇਂ ਬੱਚਿਆਂ ਅਤੇ ਅਧਿਆਪਿਕਾਂ ਨੂੰ ਨਸ਼ਾ ਨਾ ਕਰਨ, ਨਸ਼ਿਆਂ ਤੋਂ ਬਚਣ ਲਈ ਜਾਗਰੂਕਤਾ ਅਤੇ ਨਸ਼ੇ ਦੀ ਆਦੀ ਵਿਅਕਤੀਆਂ ਦਾ ਨਸ਼ਾ ਛੁਡਾਉਣ ਵਿੱਚ ਸਹਾਇਤਾ ਕਰਨ ਦਾ ਪ੍ਰਣ ਵੀ ਕਰਵਾਇਆ। ਇਸ ਸਮੇਂ ਦਿਵੇਸ਼ ਕੁਮਾਰ ਬੀਈਈ, ਵਿਕਰਾਂਤ ਸਚਦੇਵਾ ਮੁੱਖ ਅਧਿਆਪਿਕ ਅਤੇ ਹੋਰ ਅਧਿਆਪਿਕ ਹਾਜ਼ਰ ਸਨ