
ਸ੍ਰੀ ਮੁਕਤਸਰ ਸਾਹਿਬ, 17 ਮਈ 2025 : ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਦੇ ਹੁਕਮਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਸੁਰਿੰਦਰ ਸਿੰਘ ਢਿੱਲੋਂ ਵੱਲੋਂ ਅੱਜ ਮਗਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਪਿੰਡ ਖੋਖਰ ਦੇ ਗ੍ਰਾਮ ਰੋਜ਼ਗਾਰ ਸਹਾਇਕ ਸੁਖਜਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਮਗਨਰੇਗਾ ਤੇ ਏ.ਪੀ.ਓ. ਮਗਨਰੇਗਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਖੋਖਰ ਵਿਖੇ ਵਿਕਾਸ ਦੇ ਕੰਮ ਚੱਲ ਰਹੇ ਸਨ ਅਤੇ ਗ੍ਰਾਮ ਰੋਜ਼ਗਾਰ ਸਹਾਇਕ ਸੁਖਜਿੰਦਰ ਸਿੰਘ ਵੱਲੋਂ ਡਿਊਟੀ ਪ੍ਰਤੀ ਕੁਤਾਹੀ ਵਰਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਜੀ.ਆਰ.ਐਸ. ਸੁਖਜਿੰਦਰ ਸਿੰਘ ਨੂੰ 200 ਤੋਂ ਵੱਧ ਮਜ਼ਦੂਰਾਂ ਦਾ ਮਸਟਰ ਰੋਲ ਅਲਾਟ ਹੋਇਆ ਸੀ ਅਤੇ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਦੁਪਹਿਰ 12 ਵਜੇ ਤੱਕ ਮਗਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਨਹੀਂ ਲਗਵਾਈ ਗਈ ਸੀ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਮੇਂ ਸਿਰ ਹਾਜ਼ਰੀ ਨਾ ਲੱਗਣ ਕਾਰਨ ਮਗਨਰੇਗਾ ਲਾਭਪਾਤਰੀਆਂ ਦਾ ਵਿੱਤੀ ਨੁਕਸਾਨ ਹੋ ਰਿਹਾ ਸੀ। ਇਸੇ ਕਾਰਨ ਗ੍ਰਾਮ ਰੋਜ਼ਗਾਰ ਸਹਾਇਕ ਸੁਖਜਿੰਦਰ ਸਿੰਘ ਨੂੰ ਸਸਪੈਂਡ ਕੀਤਾ ਗਿਆ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਮਗਨਰੇਗਾ ਅਤੇ ਏ.ਪੀ.ਓ. ਮਗਨਰੇਗਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਮੁਅੱਤਲੀ ਦੌਰਾਨ ਸਬੰਧਤ ਜੀ.ਆਰ.ਐਸ. ਦਾ ਹੈੱਡਕੁਆਟਰ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਹੇਗਾ।