ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਮੁਕਤੀ ਯਾਤਰਾ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਘਰ ਘਰ ਦਸਤਕ ਦੇਣੀ ਸ਼ੁਰੂ

  • ਨਸ਼ਾ ਮੁਕਤੀ ਯਾਤਰਾ ਨੇ ਪਹਿਲੇ ਦਿਨ 18 ਪਿੰਡਾਂ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਲਾਮਬੰਦ
  • ਨਸ਼ਿਆਂ ਦੀ ਬੁਰਾਈ ਦਾ ਖ਼ਾਤਮਾ ਜਾਗਰੂਕਤਾ ਨਾਲ ਸੰਭਵ : ਚੇਤਨ ਸਿੰਘ ਜੌੜਾਮਾਜਰਾ

ਪਟਿਆਲਾ, 17 ਮਈ 2025 : ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਤੇ ਨਸ਼ਿਆਂ ਦੀ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਫ਼ੈਸਲਾਕੁਨ ਜੰਗ ਦੇ ਅਗਲੇ ਪੜਾਅ ਦੀ ਸ਼ੁਰੂਆਤ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ ਨਸ਼ਾ ਮੁਕਤੀ ਯਾਤਰਾ ਨਾਲ ਹੋ ਗਈ ਹੈ। ਅੱਜ ਯਾਤਰਾ ਦੇ ਪਹਿਲੇ ਦਿਨ ਜ਼ਿਲ੍ਹੇ ਦੇ ਵੱਖ ਵੱਖ ਹਲਕਿਆਂ ਦੇ 18 ਪਿੰਡਾਂ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ ਗਿਆ, ਜਿਨ੍ਹਾਂ ‘ਚ ਹਲਕਾ ਵਿਧਾਇਕਾਂ ਸਮੇਤ ਐਸ.ਡੀ.ਐਮਜ਼, ਬੀ.ਡੀ.ਪੀ.ਓਜ਼ ਤੇ ਸਬੰਧਤ ਥਾਣਿਆਂ ਦੇ ਮੁਖੀਆਂ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ। ਹਲਕਾ ਸਮਾਣਾ ‘ਚ ਨਸ਼ਾ ਮੁਕਤੀ ਯਾਤਰਾ ਮੌਕੇ ਪਿੰਡ ਬਲੱਮਗੜ੍ਹ, ਆਲਮਪੁਰ ਤੇ ਖੱਤਰੀਵਾਲਾ ਵਿਖੇ ਵੱਡੀ ਗਿਣਤੀ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਸ ਯਾਤਰਾ ਨੂੰ ਸ਼ੁਰੂ ਕਰਨ ਦਾ ਮੁੱਖ ਮਕਸਦ ਸੂਬੇ ਦੇ ਹਰੇਕ ਘਰ ਤੱਕ ਪਹੁੰਚ ਬਣਾ ਕੇ ਸੂਬੇ ਚੋਂ ਨਸ਼ਿਆਂ ਦੀ ਬੁਰਾਈ ਨੂੰ ਜੜ ਤੋਂ ਖ਼ਤਮ ਕਰਨਾ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਯਾਤਰਾ ਦਾ ਆਗਾਜ਼ ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਤੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਭਰ ‘ਚ ਰੋਜ਼ਾਨਾ 351 ਪਿੰਡ ਵਿੱਚ ਨਸ਼ਿਆਂ ਵਿਰੁੱਧ ਗ੍ਰਾਮ ਸਭਾ ਹੋਵੇਗੀ ਤੇ ਹਰੇਕ ਹਲਕੇ ਦੇ ਰੋਜ਼ਾਨਾ ਤਿੰਨ ਪਿੰਡ ਸ਼ਾਮਲ ਕੀਤੇ ਜਾ ਰਹੇ ਹਨ ਤੇ ਹਰੇਕ ਪਿੰਡ ਵਿੱਚ ਗ੍ਰਾਮ ਸਭਾ ਬੁਲਾ ਕੇ ਅਤੇ ਜ਼ਿਲ੍ਹਾ ਸੁਰੱਖਿਆ ਕਮੇਟੀਆਂ ਤੋਂ ਇਲਾਵਾ ਸਮੂਹ ਪਿੰਡ ਵਾਸੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਚੇਤਨ ਸਿੰਘ ਜੌੜਾਮਾਜਰਾ ਨੇ ਸਮੂਹ ਪਟਿਆਲਾ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਛੇੜੀ ਇਸ ਲੜਾਈ ‘ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਜਦ ਇਹ ਲੜਾਈ ਲੋਕ ਲਹਿਰ ਬਣ ਗਈ ਤਾਂ ਸੂਬੇ ‘ਚੋਂ ਨਸ਼ਾ ਖ਼ਤਮ ਹੁੰਦਿਆਂ ਦੇਰ ਨਹੀਂ ਲੱਗੇਗੀ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਜ਼ਿਲ੍ਹੇ ਵਿੱਚ ਹੋਈ ਨਸ਼ਾ ਮੁਕਤੀ ਯਾਤਰਾ ਵਿੱਚ ਰੁੜਕੀ, ਰੁੜਕਾ, ਜਰੀਕਪੁਰ, ਕਕਰਾਲਾ, ਛੀਟਾਵਾਲਾ, ਅਚਲ, ਫਰੀਦਪੁਰ, ਟੁਰਨਾ, ਅਲੂਣਾ, ਬਸੰਤਪੁਰਾ, ਪਾਰੋ, ਸਲੇਮਪੁਰ ਬਾਲੀਆ, ਕਾਹਨਗੜ੍ਹ ਘਰਾਚੋ, ਖਾਸਪੁਰ, ਦੁਤਾਲ ਪਿੰਡ ਸ਼ਾਮਲ ਹਨ।