
- ਸੁਪਰੀਮ ਕੋਰਟ ਨੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ
ਚੰਡੀਗੜ੍ਹ, 27 ਦਸੰਬਰ 2024 : ਫਰਵਰੀ ਮਹੀਨੇ ਤੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਖਨੌਰੀ ਸਰਹੱਦ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਚੱਲ ਰਿਹਾ ਹੈ, ਜੋ ਅੱਜ ਸ਼ੁੱਕਰਵਾਰ ਨੂੰ 32ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਹਨਾਂ ਨੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਹੈ। ਡੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਉਹਨਾਂ ਨੇ ਡਾਕਟਰੀ ਸਹਾਇਤਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਮੋਰਚੇ ‘ਤੇ ਬਣੇ ਰਹਿਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਅੱਜ ਪੰਜਾਬ ਬੰਦ ਨੂੰ ਲੈ ਕੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਦੋਵੇਂ ਮੋਰਚਿਆਂ ਦੀਆਂ ਵਪਾਰਕ, ਸਮਾਜਿਕ, ਸੱਭਿਆਚਾਰਕ ਤੇ ਧਾਰਮਿਕ ਜਥੇਬੰਦੀਆਂ ਨਾਲ ਮੀਟਿੰਗਾਂ ਹੋਣਗੀਆਂ। ਜਿਸ ਵਿੱਚ ਅਗਲੇਰੀ ਰਣਨੀਤੀ ਤਿਆਰ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡੱਲੇਵਾਲ ਨੂੰ ਦਿੱਤੀ ਜਾ ਰਹੀ ਮੈਡੀਕਲ ਮਦਦ ਜਾਰੀ ਰੱਖੀ ਜਾਵੇ। ਇੰਝ ਲਗਦਾ ਹੈ ਕਿ ਪੰਜਾਬ ਸਰਕਾਰ ਇਸਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਅਦਾਲਤ ਨੇ ਪੰਜਾਬ ਸਰਕਾਰ ਨੂੰ ਭਲਕੇ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਹੈ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਕਿਹਾ- “ਕਿਸੇ ਦੀ ਜਾਨ ਦਾਅ ‘ਤੇ ਲੱਗੀ ਹੈ, ਪੰਜਾਬ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਅਸੀਂ ਭਲਕੇ ਸੁਣਵਾਈ ਦੌਰਾਨ ਜਗਜੀਤ ਡੱਲੇਵਾਲ ਨਾਲ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕਰਾਂਗੇ। ਉਸ ਤੋਂ ਬਾਅਦ ਕੋਈ ਹੁਕਮ ਦੇਵਾਂਗੇ। ਅਦਾਲਤ ਦੀ ਪਹਿਲੀ ਤਰਜੀਹ ਉਸ ਦੀ ਜ਼ਿੰਦਗੀ ਹੈ। ਪੰਜਾਬ ਸਰਕਾਰ ਭਲਕੇ ਰਿਪੋਰਟ ਪੇਸ਼ ਕਰੇ”