ਪੰਜਾਬ ਕੋਲ ਇੱਕ ਵੀ ਪਾਣੀ ਦੀ ਬੂੰਦ ਵਾਧੂ ਨਹੀਂ, ਇਹ ਲੜਾਈ ਪੰਜਾਬ ਦਾ ਭਵਿੱਖ ਤੈਅ ਕਰੇਗੀ : ਅਕਾਲੀ ਦਲ ਆਗੂ

  • ਸਿਆਸੀ ਲਾਲਸਾ ਤੋਂ ਉਪਰ ਉਠ ਕੇ ਇਕੱਠੇ ਹੋਣਾ ਸਮੇਂ ਦੀ ਲੋੜ, ਅਕਾਲੀ ਲੀਡਰਸ਼ਿਪ ਨੇ ਦ੍ਰਿੜ ਇਰਾਦੇ ਨਾਲ ਅਗਵਾਈ ਦਾ ਦਿੱਤਾ ਭਰੋਸਾ

ਚੰਡੀਗੜ੍ਹ, 1 ਮਈ 2025 : ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਸਰਦਾਰ ਸੁਰਜੀਤ ਸਿੰਘ ਰੱਖੜਾ,ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਅਤੇ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਹਰਿਆਣਾ ਨੂੰ ਬੀਬੀਐੱਮਬੀ ਤੋਂ 8500 ਕਿਊਸਕ ਵਾਧੂ ਪਾਣੀ ਦੇਣ ਦਾ ਸਖ਼ਤ ਵਿਰੋਧ ਕੀਤਾ ਹੈ। ਜਾਰੀ ਬਿਆਨ ਵਿੱਚ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਇਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬਰਾਬਰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਜਾਰੀ ਬਿਆਨ ਵਿੱਚ ਲੀਡਰਸ਼ਿਪ ਨੇ ਕਿਹਾ ਕਿ, ਜਿਸ ਅਧਾਰ ਉਪਰ ਪਾਣੀ ਦੇਣ ਦੀ ਵਕਾਲਤ ਹੋਈ ਹੈ, ਓਹ ਸਰਾਸਰ ਤੱਥਹੀਨ ਅਤੇ ਗੁੰਮਰਾਹਕੁੰਨ ਹੈ, ਕਿਉ ਕਿ ਖੇਤੀਯੋਗ ਜ਼ਮੀਨ ਦੇ ਰਕਬੇ ਦੀ ਗੱਲ ਕੀਤੀ ਜਾਵੇ ਜਾਂ ਜਨਗਣਨਾ ਅਧਾਰ ਤੇ ਗੱਲ ਕੀਤੀ ਜਾਵੇ ਤਾਂ ਹਰਿਆਣਾ ਕੋਲ ਆਪਣੀ ਜਰੂਰਤ ਦੀ ਤੈਅ ਲੋੜ ਤੋਂ ਵਾਧੂ ਪਾਣੀ ਪਹਿਲਾਂ ਹੀ ਮੌਜੂਦ ਹੈ। ਜਾਰੀ ਬਿਆਨ ਵਿੱਚ ਲੀਡਰਸ਼ਿਪ ਨੇ ਕਿਹਾ ਕਿ ਪਹਿਲਾਂ ਹੀ ਤੈਅ ਰਣਨੀਤੀ ਅਨੁਸਾਰ ਬੀਬੀਐੱਮਬੀ ਵਿੱਚੋ ਪੰਜਾਬ ਦੀ ਸਥਾਈ ਭਾਗੀਦਾਰੀ ਖਤਮ ਕੀਤੀ ਗਈ। ਅਕਾਲੀ ਲੀਡਰਸ਼ਿਪ ਨੇ ਉਸ ਵੇਲੇ ਵੀ ਕੇਂਦਰ ਦੇ ਇਸ ਕਦਮ ਅਤੇ ਸੂਬਾ ਸਰਕਾਰ ਦੀ ਨਲਾਇਕੀ ਦਾ ਸਖ਼ਤ ਵਿਰੋਧ ਕੀਤਾ ਸੀ। ਲੀਡਰਸ਼ਿਪ ਨੇ ਕਿਹਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਜਿਹੜੀ ਸੱਤਾ ਧਿਰ ਨੇ ਪਹਿਰੇਦਾਰੀ ਕਰਨੀ ਸੀ, ਓਹ ਸਿਆਸੀ ਲਾਲਸਾ ਹੇਠ ਹਰਿਆਣਾ ਵਿੱਚ ਆਪਣੀ ਲੀਡਰਸ਼ਿਪ ਦੇ ਸਿਆਸੀ ਮੁਫ਼ਾਦ ਪੂਰੇ ਕਰਨ ਵਿੱਚ ਰੁੱਝੀ ਰਹੀ। ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਜੋਰ ਦੇਕੇ ਕਿਹਾ ਕਿ ਆਜ਼ਾਦੀ ਤੋਂ ਲੈਕੇ ਹੁਣ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਦੇ ਹੱਕਾਂ, ਲੋੜਾਂ ਤੇ ਹਮੇਸ਼ਾ ਡਾਕਾ ਵੱਜਦਾ ਰਿਹਾ ਹੈ, ਬੀਤੇ ਦਿਨ ਪੰਜਾਬ ਦੇ ਹਿੱਸੇ ਚੋਂ ਹਰਿਆਣਾ ਨੂੰ ਪਾਣੀ ਦੇਣ ਦੀ ਵਕਾਲਤ ਹੋ ਜਾਣਾ ਵੀ ਇਸ ਦਾ ਹੀ ਪ੍ਰਮਾਣ ਹੈ।ਸਾਂਝੇ ਬਿਆਨ ਵਿੱਚ ਲੀਡਰਸ਼ਿਪ ਨੇ ਕਿਹਾ ਕਿ ਇਹ ਪੰਜਾਬ ਦੇ ਜੀਵਨ ਅਧਾਰ ਨਾਲ ਜੁੜਿਆ ਅਹਿਮ ਮੁੱਦਾ ਹੈ। ਪੰਜਾਬ ਕੋਲ ਹਰਿਆਣਾ ਸਮੇਤ ਕਿਸੇ ਵੀ ਸੂਬੇ ਨੂੰ ਦੇਣ ਲਈ ਇੱਕ ਵੀ ਬੂੰਦ ਵਾਧੂ ਨਹੀਂ ਹੈ। ਪੰਜਾਬ ਦੇ ਕਈ ਜ਼ਿਲੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਪਹਿਲਾਂ ਦੀ ਧਰਤੀ ਹੇਠਲਾ ਪਾਣੀ ਡਾਰਕ ਜ਼ੋਨ ਵਿੱਚ ਜਾ ਚੁੱਕਾ ਹੈ,ਅਜਿਹੇ ਵਿੱਚ ਇਹ ਕਦਮ ਪੰਜਾਬ ਲਈ ਸਰਾਸਰ ਬੇਇਨਸਾਫ਼ੀ ਹੈ। ਹਿਤੈਸ਼ੀ ਲੀਡਰਸ਼ਿਪ ਨੇ ਕਿਹਾ ਕਿ ਇਹ ਬੇਹੱਦ  ਵੱਡਾ ਸੰਵੇਦਨਸ਼ੀਲ ਮੁੱਦਾ ਹੈ, ਜਿਹੜਾ ਕਿ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨਾਲ ਜੁੜਿਆ ਹੋਇਆ ਹੈ। ਅਜਿਹੇ ਮੁੱਦੇ ਤੇ ਸਿਆਸੀ ਲਾਲਸਾ ਹੇਠ ਸਿਆਸਤ ਕਰਨ ਦੀ ਬਜਾਏ ਸਾਂਝਾ ਅਤੇ ਢੁੱਕਵਾਂ ਪਲੇਟਫਾਰਮ ਤਿਆਰ ਹੋਣਾ ਚਾਹੀਦਾ ਹੈ। ਅਕਾਲੀ ਲੀਡਰਸ਼ਿਪ ਨੇ ਇਸ ਵੱਡੇ ਮੁੱਦੇ ਤੇ ਤਮਾਮ ਸਿਆਸੀ, ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਨੂੰ ਇੱਕ ਝੰਡੇ ਹੇਠ ਆਉਣ ਦੀ ਅਪੀਲ ਕੀਤੀ। ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੂਰਨ ਵਚਨਬੱਧਤਾ ਨਾਲ ਭਰੋਸਾ ਦਿਵਾਇਆ ਕਿ ਇਹ ਪੰਜਾਬ ਦੇ ਨਜ਼ਰੀਏ ਤੋਂ ਛੋਟਾ ਕਦਮ ਨਹੀਂ ਹੈ, ਇਸ ਲਈ ਅਕਾਲੀ ਦਲ ਦੀ ਪੂਰਨ ਸਮਰਪਿਤ ਲੀਡਰਸ਼ਿਪ ਅਗਵਾਈ ਕਰਨ ਲਈ ਤਿਆਰ ਹੈ।