ਨਸ਼ੇ ਦੀ ਅਲਾਮਤ ਨੂੰ ਦੂਰ ਕਰਕੇ ਪੰਜਾਬ ਨੂੰ ਮੁੜ ਸਿਹਤਮੰਦ ਪੰਜਾਬ ਬਣਾਇਆ ਜਾਵੇਗਾ : ਸੰਧਵਾਂ

  • ਸਪੀਕਰ ਸੰਧਵਾਂ ਨੇ ਪਿੰਡ ਬੀੜ ਸਿੱਖਾਂਵਾਲਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਵਿੱਚ ਕੀਤੀ ਸ਼ਿਰਕਤ

ਕੋਟਕਪੂਰਾ 22 ਮਈ 2025 : ਸਾਡੀ ਨੋਜਵਾਨ ਪੀੜੀ ਨੂੰ ਘੁਣ ਵਾਂਗ ਖਾ ਕੇ ਸਮਾਜ ਲਈ ਗੰਭੀਰ ਸਮੱਸਿਆ ਬਣ ਗਿਆ ਹੈ ਪੰਜਾਬ ਸਰਕਾਰ ਨੇ ਨਸ਼ੇ ਤੇ ਨਸ਼ਾ ਤਸਕਰਾਂ ਦੇ ਜੜ੍ਹੋਂ ਖਤਮ ਕਰਨ ਲਈ ਨਸ਼ਾ ਤਸਕਰਾਂ ਵਿਰੁੱਧ ਮਿਸਾਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਕੋਈ ਵੀ ਅੱਗੇ ਤੋਂ ਨਸ਼ਾ ਤਸਕਰੀ ਦਾ ਕੰਮ ਨਾ ਕਰੇ ਅਤੇ ਪੰਜਾਬ ਨੂੰ ਮੁੜ ਤੋਂ ਸਿਹਤਮੰਦ ਪੰਜਾਬ ਬਣਾਇਆ ਜਾ ਸਕੇ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਹਲਕੇ ਪਿੰਡ ਬੀੜ ਸਿੱਖਾਵਾਲਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਚਾਇਤ ਵਿਭਾਗ, ਸਿਹਤ ਵਿਭਾਗ, ਪੁਲਿਸ ਵਿਭਾਗ,ਸਹਿਕਾਰਤਾ ਵਿਭਾਗ ਦੇ ਸਹਿਯੋਗ ਨਾਲ ਗ੍ਰਾਮ ਸਭਾਵਾਂ, ਪਿੰਡ ਵਾਸੀਆ, ਪਿੰਡ ਰੱਖਿਆ ਕਮੇਟੀਆਂ, ਯੂਥ ਕਲੱਬਾਂ ਤੇ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਕੀਤੇ ਜਾ ਰਹੇ ਜਾਗਰੂਕਤਾ ਸਮਾਗਮਾਂ ਦੇ ਸਾਰਥਿਕ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ ਅਤੇ ਜਲਦ ਹੀ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਰਗੀ ਨਾਮੁਰਾਦ ਬਿਮਾਰੀ ਦੇ ਚੁੰਗਲ ਵਿੱਚੋਂ ਕੱਢ ਕੇ ਆਮ ਜੀਵਨ ਧਾਰਾ ਵਿੱਚ ਲਿਆਂਦਾ ਜਾਵੇਗਾ। ਸੰਧਵਾਂ ਨੇ ਕਿਹਾ ਕਿ ਜੋ ਲੋਕ ਨਸ਼ੇ ਛੱਡਣ ਦੇ ਚਾਹਵਾਨ ਹਨ, ਉਹ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਜਾਂ ਮਾਨਤਾ ਪ੍ਰਾਪਤ ਕੇਂਦਰਾਂ ਤੋਂ ਹੀ ਆਪਣਾ ਇਲਾਜ ਕਰਵਾਉਣ। ਉਨ੍ਹਾਂ ਕਿਹਾ ਕਿ ਨਸ਼ੇ ਛੱਡਣ ਦੇ ਚਾਹਵਾਨ ਮਰੀਜਾਂ ਦਾ ਸਰਕਾਰ ਵੱਲੋਂ ਇਲਾਜ ਕਰਵਾਉਣ ਉਪਰੰਤ ਉਨ੍ਹਾਂ ਦੇ ਮੁੜ ਵਸੇਬੇ ਦੇ ਵੀ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਹਾਜ਼ਰੀਨ ਨੂੰ ਨਸ਼ਿਆ ਵਿਰੁੱਧ ਸਹੁੰ ਵੀ ਚੁਕਵਾਈ। ਇਸ ਮੌਕੇ ਐਸ.ਡੀ.ਐਮ. ਕੋਟਕਪੂਰਾ ਵਰਿੰਦਰ ਸਿੰਘ, ਬੀ.ਡੀ.ਪੀ.ਓ ਕੋਟਕਪੂਰਾ ਵਿਕਾਸ ਸ਼ਰਮਾ, ਸੀਨੀਅਰ ਮੈਡੀਕਲ ਅਫਸਰ ਡਾ ਹਰਿੰਦਰ ਗਾਂਧੀ, ਸਰਪੰਚ ਅਨੀਤਾ ਰਾਣੀ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਡਾ. ਰਾਜਪਾਲ ਸਿੰਘ ਕੋਆਰਡੀਨੇਟਰ, ਬਹੁਮੰਤਵੀ ਸਿਹਤ ਕਰਮਚਾਰੀ ਕੁਲਵਿੰਦਰ ਸਿੰਘ, ਕਾਂਊਸਲਰ ਖੁਸਦੀਪ ਸਿੰਘ, ਬੋਹੜ ਸਿੰਘ ਘਾਰੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।