ਕੈਬਨਿਟ ਮੰਤਰੀ ਵੱਲੋਂ ਵੱਖ ਵੱਖ ਧਰਮਸ਼ਾਲਾਵਾਂ ਨੂੰ 31 ਲੱਖ ਰੁਪਏ ਦੇ ਚੈੱਕ ਭੇਟ 

  • ਸਾਰੇ ਭਾਈਚਾਰਿਆਂ ਅਤੇ ਵਰਗਾਂ ਦਾ ਸਮਾਨਾਂਤਰ ਵਿਕਾਸ ਪ੍ਰਮੁੱਖ ਤਰਜ਼ੀਹ - ਬਰਿੰਦਰ ਕੁਮਾਰ ਗੋਇਲ

ਲਹਿਰਾਗਾਗਾ, 13 ਮਈ 2025 : ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਹਲਕਾ ਲਹਿਰਾਗਾਗਾ ਦੇ ਬਲਾਕ ਅੰਨਦਾਨਾ ਦੇ 15 ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਖ ਵੱਖ ਧਰਮਸ਼ਾਲਾਵਾਂ ਵਿੱਚ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ 31 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ। ਇਸ ਮੌਕੇ ਉਕਤ ਪੰਚਾਇਤਾਂ, ਇਲਾਕੇ ਦੇ ਮੋਹਤਬਰ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਹਾਜ਼ਰ ਸਨ। ਇਸ ਮੌਕੇ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਵੰਡੇ ਗਏ, ਉਹਨਾਂ ਵਿੱਚ ਪਿੰਡ ਮਨਿਆਣਾ, ਕਰੋਂਦਾ, ਰਾਜਲਹੇੜੀ, ਭੂੰਦੜਭੈਣੀ,  ਬਾਹਮਣੀਵਾਲਾ, ਕੜੈਲ, ਬਾਦਲਗੜ੍ਹ, ਹਰੀਗੜ੍ਹ ਗਹਿਲਾ, ਬਾਉਪੁਰ, ਸੁਰਜਨ ਭੈਣੀ, ਸਲੇਮਗੜ, ਸ਼ੇਰਗੜ੍ਹ, ਰਾਮਪੁਰਾ ਗੁੱਜਰਾਂ, ਮਹਾ ਸਿੰਘ ਵਾਲਾ ਅਤੇ ਭੁਲਣ ਸ਼ਾਮਿਲ ਹਨ। ਇਸ ਰਾਸ਼ੀ ਨਾਲ ਇਹਨਾਂ ਪਿੰਡਾਂ ਦੀਆਂ ਧਰਮਸ਼ਾਲਾਵਾਂ ਵਿੱਚ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ।  ਸੂਬੇ ਵਿੱਚ ਸਾਰੇ ਭਾਈਚਾਰਿਆਂ ਅਤੇ ਵਰਗਾਂ ਦੇ ਸਮਾਨਾਂਤਰ ਵਿਕਾਸ ਨੂੰ ਪ੍ਰਮੁੱਖ ਤਰਜ਼ੀਹ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹ ਸੂਬਾ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਜਿਸ ਵਿੱਚ ਕੁਝ ਵਰਗਾਂ ਨੂੰ ਰੋਟੀ ਲਈ ਵੀ ਜੱਦੋ ਜਹਿਦ ਕਰਨੀ ਪੈਂਦੀ ਹੈ। ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰੇਕ ਵਿਅਕਤੀ ਕੋਲ ਆਪਣਾ ਘਰ, ਤਿੰਨ ਸਮੇਂ ਦੀ ਰੋਟੀ ਅਤੇ ਬੁਨਿਆਦੀ ਸਹੂਲਤਾਂ ਮੌਜੂਦ ਹੋਣ। ਇਸ ਮੌਕੇ ਉਹਨਾਂ ਨਾਲ ਓ ਐਸ ਡੀ ਸ਼੍ਰੀ ਰਾਕੇਸ਼ ਕੁਮਾਰ ਗੁਪਤਾ ਵੀ ਹਾਜ਼ਰ ਸਨ।