ਵਕੀਲ ਭਾਈਚਾਰਾ ਪੰਜਾਬ ਅਤੇ ਲੋਕਾਂ ਦੇ ਮਸਲਿਆਂ ਦੀ ਵਕਾਲਤ ਕਰੇ : ਬਰਿੰਦਰ ਕੁਮਾਰ ਗੋਇਲ

  • ਦਰਿਆਵਾਂ ਅਤੇ ਨਹਿਰੀ ਪਾਣੀ ਦੇ ਨਾਲ ਨਾਲ, ਪੰਜਾਬ ਸਰਕਾਰ ਦੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਵੀ ਤਰਜ਼ੀਹ : ਜਲ ਸਰੋਤ ਮੰਤਰੀ 
  • ਕਿਹਾ! ਪੰਜਾਬ ਦੇ ਦਰਪੇਸ਼ ਕਈ ਮਸਲਿਆਂ ਨੂੰ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਕਈ ਫਰੰਟਾਂ ਉੱਤੇ ਲੜ੍ਹਾਈ ਲੜ੍ਹ ਰਹੀ 

ਸੁਨਾਮ, 13 ਮਈ 2025 : ਪੰਜਾਬ ਦੇ ਜਲ ਸਰੋਤ ਅਤੇ ਭੂਮੀ ਰੱਖਿਆ ਸੰਭਾਲ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਸੂਬੇ ਦੇ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਡਿਊਟੀ ਨਿਭਾਉਂਦੇ ਹੋਏ ਪੰਜਾਬ ਅਤੇ ਇੱਥੋਂ ਦੇ ਲੋਕਾਂ ਨਾਲ ਸੰਬੰਧਤ ਮਸਲਿਆਂ ਦੀ ਹਰੇਕ ਪੱਧਰ ਉੱਤੇ ਵਕਾਲਤ ਕਰਨ। ਇਸ ਤਰ੍ਹਾਂ ਕਰਕੇ ਉਹ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਹਿੱਤਾਂ ਦੀ ਰਾਖੀ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਉਹ ਅੱਜ ਬਾਰ ਐਸੋਸੀਏਸ਼ਨ ਸੁਨਾਮ ਵੱਲੋਂ ਕਰਵਾਏ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਬਾਰ ਐਸੋਸੀਏਸ਼ਨ ਨੂੰ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ, ਜਿਸ ਦੇ ਸ਼ੁਕਰਾਨੇ ਵਜੋਂ ਐਸੋਸੀਏਸ਼ਨ ਵੱਲੋਂ ਇਹ ਸਮਾਗਮ ਰੱਖਿਆ ਗਿਆ ਸੀ। ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਦਰਪੇਸ਼ ਅੱਜ ਕਈ ਮਸਲੇ ਹਨ, ਜਿੰਨਾ ਨੂੰ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਕਈ ਫਰੰਟਾਂ ਉੱਤੇ ਲੜ੍ਹਾਈ ਲੜ੍ਹ ਰਹੀ ਹੈ। ਉਹਨਾਂ ਕਿਹਾ ਕਿ ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਲੜ੍ਹਾਈ ਹੋਵੇ, ਚਾਹੇ ਉਹ ਨਸ਼ਿਆਂ ਦੇ ਖਾਤਮੇ ਦੀ ਲੜ੍ਹਾਈ ਹੋਵੇ ਜਾਂ ਫਿਰ ਸਾਰੇ ਖੇਤਾਂ ਨੂੰ ਨਹਿਰੀ ਪਾਣੀ ਨਾਲ ਜੋੜ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਲੜ੍ਹਾਈ ਹੋਵੇ। ਇਹਨਾਂ ਸਾਰੇ ਮਸਲਿਆਂ ਦੇ ਹੱਲ ਲਈ ਵਕੀਲ ਭਾਈਚਾਰਾ ਵੱਡਾ ਯੋਗਦਾਨ ਪਾ ਸਕਦਾ ਹੈ। ਉਹਨਾਂ ਵਕੀਲਾਂ ਨੂੰ ਸੱਦਾ ਦਿੱਤਾ ਕਿ ਉਹ ਹਰੇਕ ਉਚਿਤ ਪਲੇਟਫਾਰਮ ਉੱਤੇ ਪੰਜਾਬ ਅਤੇ ਇੱਥੋਂ ਦੇ ਲੋਕਾਂ ਨਾਲ ਜੁੜੇ ਮਸਲਿਆਂ ਦੀ ਤਰਜ਼ਮਾਨੀ ਕਰਨ। ਉਹਨਾਂ ਕਿਹਾ ਕਿ ਅੱਜ ਪੰਜਾਬ ਜਿੱਥੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ਨੂੰ ਬਚਾਉਣ ਲਈ ਕੇਂਦਰ ਅਤੇ ਹੋਰ ਸੂਬਿਆਂ ਨਾਲ ਲੜ੍ਹਾਈ ਲੜ੍ਹ ਰਿਹਾ ਹੈ ਉਥੇ ਹੀ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਦਿਨੋਂ ਦਿਨ ਘੱਟਦੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਵੀ ਬਚਾਇਆ ਜਾਵੇ। ਇਸੇ ਲਈ ਹੀ ਵੱਧ ਤੋਂ ਵੱਧ ਖੇਤੀਬਾੜੀ ਵਾਲੇ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਨਾਲ ਜੋੜਿਆ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਇਸ ਕੰਮ ਲਈ ਪੰਜਾਬ ਸਰਕਾਰ ਵੱਲੋਂ 4557 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੀਂਹ ਦੇ ਪਾਣੀ ਅਤੇ ਨਹਿਰਾਂ ਦੇ ਫਜ਼ੂਲ ਹੁੰਦੇ ਪਾਣੀ ਨੂੰ ਬਚਾਉਣ ਵਾਸਤੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਵਾਟਰ ਰੀਚਾਰਜ਼ ਤਕਨੀਕਾਂ ਨੂੰ ਅਪਣਾਇਆ ਜਾ ਰਿਹਾ ਹੈ। ਪਹਿਲਾਂ ਜਿਹੜਾ ਪਾਣੀ ਵਿਅਰਥ ਚਲਾ ਜਾਂਦਾ ਸੀ, ਉਹ ਹੁਣ ਖੇਤਾਂ ਨੂੰ ਮਿਲਣ ਲੱਗਾ ਹੈ। ਉਹਨਾਂ ਫਿਰ ਸਪੱਸ਼ਟ ਕੀਤਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਫਾਲਤੂ ਪਾਣੀ ਨਹੀਂ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੀ ਬਰਿੰਦਰ ਕੁਮਾਰ ਗੋਇਲ ਸਾਲ 1983 ਤੋਂ ਲਗਾਤਾਰ ਕਈ ਸਾਲ ਬਾਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਵੀ ਰਹੇ। ਇਸ ਸਮਾਗਮ ਦੌਰਾਨ ਉਹਨਾਂ ਪੁਰਾਣੇ ਸਮੇਂ ਅਤੇ ਯਾਦਾਂ ਨੂੰ ਤਾਜ਼ਾ ਕੀਤਾ। ਉਹਨਾਂ ਬਾਰ ਐਸੋਸੀਏਸ਼ਨ ਸੁਨਾਮ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਜਲਦ ਹੀ ਬਾਰ ਰੂਮ ਅਤੇ ਨਵੇਂ ਚੈਂਬਰਾਂ ਲਈ ਢੁੱਕਵੀਂ ਜਗ੍ਹਾ ਮੁੱਹਈਆ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਸੁਨਾਮ ਦੇ ਐੱਸ ਡੀ ਐੱਮ ਸ਼੍ਰੀ ਪ੍ਰਮੋਦ ਸਿੰਗਲਾ, ਡੀ ਐੱਸ ਪੀ ਸ੍ਰ ਹਰਵਿੰਦਰ ਸਿੰਘ ਖਹਿਰਾ, ਐਡਵੋਕੇਟ ਸ਼੍ਰੀ ਗੌਰਵ ਗੋਇਲ, ਪ੍ਰਧਾਨ ਐਡਵੋਕੇਟ ਕਰਨਬੀਰ ਵਸ਼ਿਸ਼ਟ, ਐਡਵੋਕੇਟ ਰੁਪਿੰਦਰ ਭਾਰਦਵਾਜ, ਐਡਵੋਕੇਟ ਅਨਿਲ ਸਿੰਗਲਾ, ਐਡਵੋਕੇਟ ਤੇਜਪਾਲ ਭਾਰਦਵਾਜ, ਐਡਵੋਕੇਟ ਕ੍ਰਿਸ਼ਨ ਸਿੰਘ ਭੁਟਾਲ, ਐਡਵੋਕੇਟ ਸੰਪੂਰਨ ਸਿੰਘ ਲਖਮੀਰਵਾਲਾ, ਐਡਵੋਕੇਟ ਹਰਦੀਪ ਸਿੰਘ ਭਰੂਰ, ਐਡਵੋਕੇਟ ਹਰਿੰਦਰ ਸਿੰਘ ਲਾਲੀ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।