ਮੁੱਖ ਮੰਤਰੀ ਮਾਨ ਨੇ BBMB ਦਾ ਫੰਡ ਰੋਕਣ ਅਤੇ ਪਿਛਲੇ ਫੰਡ ਦਾ ਆਡਿਟ ਕਰਵਾਉਣ ਦਾ ਕੀਤਾ ਐਲਾਨ 

ਨੰਗਲ, 11 ਮਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, "BBMB 'ਚ 60% ਹਿੱਸੇਦਾਰੀ ਪੰਜਾਬ ਦੀ ਹੋਣ ਦੇ ਬਾਵਜੂਦ ਵੀ BBMB ਪੰਜਾਬ ਵਿਰੁੱਧ ਕੋਰਟ 'ਚ ਗਈ ਹੈ ਤੇ ਵਕੀਲ ਦੀ ਫੀਸ ਵੀ 60% ਸਾਨੂੰ ਦੇਣੀ ਪਵੇਗੀ। ਅਸੀਂ ਵੀ ਫੈਸਲਾ ਕੀਤਾ ਹੈ ਕਿ BBMB ਦਾ ਫੰਡ ਰੋਕਿਆ ਜਾਵੇਗਾ ਤੇ ਪਿਛਲੇ ਫੰਡ ਨੂੰ ਆਡਿਟ ਕਰਵਾਕੇ ਹਿਸਾਬ ਲਿਆ ਜਾਵੇਗਾ।" ਮੁੱਖ ਮੰਤਰੀ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐਮ.ਬੀ.) ਅਸਲ ਵਿੱਚ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਾਣੀਆਂ ਦੇ ਪ੍ਰਬੰਧਨ ਲਈ ਸਥਾਪਿਤ ਕੀਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਸਾਲਾਂ ਤੋਂ, ਪੰਜਾਬ ਦਾ ਪਾਣੀ ਬੀ.ਬੀ.ਐਮ.ਬੀ. ਰਾਹੀਂ ਦੂਜੇ ਸੂਬਿਆਂ ਵੱਲ ਮੋੜਿਆ ਜਾ ਰਿਹਾ ਹੈ ਅਤੇ ਭਾਜਪਾ ਸਰਕਾਰ ਨੇ ਆਪਣੇ ਰਾਜਨੀਤਿਕ ਹਿੱਤਾਂ ਲਈ ਇਸ ਬੋਰਡ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੈ। ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਬੀ.ਬੀ.ਐਮ.ਬੀ. ਦਾ ਪੁਨਰਗਠਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਮੌਜੂਦਾ ਰੂਪ ਵਿੱਚ ਪੂਰੀ ਤਰ੍ਹਾਂ ਬੇਕਾਰ ਅਤੇ ਅਸਵੀਕਾਰਨਯੋਗ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਦੂਜੇ ਸੂਬਿਆਂ ਦੇ ਕਰਮਚਾਰੀਆਂ ਨੂੰ ਸੂਬੇ ਦੇ ਖਜ਼ਾਨੇ ਵਿੱਚੋਂ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਇਹ ਕਰਮਚਾਰੀ ਸਿਰਫ਼ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਿਛਲੇ ਕੁਝ ਸਾਲਾਂ ਵਿੱਚ ਬੀ.ਬੀ.ਐਮ.ਬੀ. ਨੂੰ ਦਿੱਤੇ ਗਏ ਫੰਡਾਂ ਦਾ ਲੇਖਾ-ਜੋਖਾ ਵੀ ਕਰਵਾਏਗੀ ਕਿਉਂਕਿ ਅਧਿਕਾਰੀਆਂ ਨੇ ਕਰਦਾਤਾਵਾਂ ਦੀ ਇਸ ਮਿਹਨਤ ਦੀ ਕਮਾਈ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੀ.ਬੀ.ਐਮ.ਬੀ. ਵੀ ਪੰਜਾਬ ਵਿਰੁੱਧ ਕਾਨੂੰਨੀ ਲੜਾਈਆਂ ਲੜਨ ਲਈ ਸੂਬੇ ਦੇ ਹੀ ਪੈਸੇ ਦੀ ਵਰਤੋਂ ਕਰਦਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।