
- ਡਿਫੈਂਸ ਕਮੇਟੀਆਂ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਕੀਤਾ ਪ੍ਰੇਰਿਤ
ਸ੍ਰੀ ਮੁਕਤਸਰ ਸਾਹਿਬ, 21 ਮਈ 2025 : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਡੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੀਤੀ ਜਾ ਰਹੀ ਨਸ਼ਾ ਮੁਕਤੀ ਯਾਤਰਾ ਤਹਿਤ ਅੱਜ ਵੀ ਸ੍ਰੀ ਮਕਤਸਰ ਸਾਹਿਬ ਜ਼ਿਲ੍ਹੇ ਦੇ 12 ਪਿੰਡਾਂ ਵਿੱਚ ਡਿਫੈਂਸ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਦੌਰਾਨ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੰਗਲ, ਸੀਰਵਾਲੀ ਤੇ ਡੋਹਕ ਵਿਖੇ ਅਤੇ ਮਲੋਟ ਹਲਕੇ ਦੇ ਅਬੁਲਖੁਰਾਣਾ, ਰੱਥੜੀਆਂ ਅਤੇ ਕਿੰਗਰਾ ਵਿਖੇ ਲੋਕਾਂ ਨੂੰ ਨਸ਼ਿਆਂ ਸਬੰਧੀ ਜਾਗਰੂਕ ਕੀਤਾ ਗਿਆ । ਇਸ ਤੋਂ ਇਲਾਵਾ ਗਿੱਦੜਬਾਹਾ ਹਲਕੇ ਦੇ ਦੂਹੇਵਾਲਾ, ਭੂੰਦੜ ਤੇ ਕਰਨੀਵਾਲਾ ਅਤੇ ਲੰਬੀ ਹਲਕੇ ਦੇ ਛਾਪਿਆਂਵਾਲੀ, ਕੋਲਿਆਂਵਾਲੀ ਅਤੇ ਬੁਰਜ ਸਿਧਵਾਂ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਉੱਪਰ ਮਿਸਾਲੀ ਕਾਰਵਾਈਆਂ ਕਰ ਕੇ ਬਹੁਤ ਹੱਦ ਤੱਕ ਨਸ਼ੇ ਦੀ ਸਪਲਾਈ ਚੇਨ ਨੂੰ ਤੋੜ ਦਿੱਤਾ ਗਿਆ ਹੈ ਅਤੇ ਸੂਬੇ ਨੂੰ ਮੁੜ ਹਸਦਾ-ਵਸਦਾ ਤੇ ਰੰਗਲਾ ਪੰਜਾਬ ਬਨਾਉਣ ਦੇ ਰਾਹ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਨਸ਼ਾ ਤਸਕਰ ਜਾਂ ਤਾਂ ਜੇਲ੍ਹਾਂ ਵਿੱਚ ਹਨ ਜਾਂ ਫਿਰ ਪੰਜਾਬ ਛੱਡ ਕੇ ਭੱਜ ਚੁੱਕੇ ਹਨ। ਹੁਣ ਇਹ ਮੁਹਿੰਮ ਜ਼ਮੀਨੀ ਪੱਧਰ ਭਾਵ ਪਿੰਡਾਂ ਅਤੇ ਵਾਰਡਾਂ ਵਿਚੋਂ ਚੱਲਣ ਲੱਗੀ ਹੈ, ਜਿਸ ਨੂੰ ਨਸ਼ਾ ਮੁਕਤੀ ਯਾਤਰਾ ਦਾ ਨਾਮ ਦਿੱਤਾ ਗਿਆ ਹੈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡਿਫੈਂਸ ਕਮੇਟੀਆਂ ਦੇ ਆਗੂਆਂ ਨੇ ਲੋਕਾਂ ਨੂੰ ਸਰਕਾਰ ਦਾ ਸਾਥ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ। ਉਨਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਲੋਕ ਲਹਿਰ ਬਣ ਗਈ ਹੈ ਅਤੇ ਹੁਣ ਜਲਦੀ ਹੀ ਪੰਜਾਬ ਵਿਚੋਂ ਨਸ਼ਿਆਂ ਸਫਾਇਆ ਹੋਵੇਗਾ। ਉਹਨਾਂ ਦੱਸਿਆ ਕਿ ਲੋਕ ਪੰਜਾਬ ਸਰਕਾਰ ਦਾ ਨਸ਼ਾ ਵਿਰੋਧੀ ਮੁਹਿੰਮ ਵਿੱਚ ਬਿਨਾਂ ਕਿਸੇ ਦਬਾਅ ਤੋਂ ਸਹਿਯੋਗ ਦੇ ਰਹੇ ਹਨ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਜੇਕਰ ਹਰੇਕ ਵਾਰਡ ਜਾਂ ਪਿੰਡਾਂ ਦੀਆਂ ਪੰਚਾਇਤਾਂ ਨਸ਼ਾ ਮੁਕਤੀ ਦਾ ਪ੍ਰਣ ਲੈਣਗੀਆਂ ਤਾਂ ਨਸ਼ਾ ਜਾਂ ਨਸ਼ਾ ਤਸਕਰਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਹੇਗਾ। ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਸਿਆਸੀ ਜਾਂ ਹੋਰ ਕੋਈ ਸਹਿਯੋਗ ਨਹੀਂ ਮਿਲ ਰਿਹਾ। ਇਸ ਲਈ ਬਹੁਤ ਜਲਦ ਪੰਜਾਬ ਨਸ਼ਾ ਮੁਕਤ ਹੋਵੇਗਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਸੁਰਜੀਤ ਸਿੰਘ ਸੰਧੂ ਲੁਬਾਣਿਆਂਵਾਲੀ, ਯੂਥ ਆਗੂ ਅਮੀਤ ਸਿੰਘ ਖੁੱਡੀਆਂ, ਅਭੈ ਪ੍ਰਤਾਪ ਸਿੰਘ ਢਿੱਲੋਂ, ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹਾ ਇੰਚਾਰਜ ਮਨਵੀਰ ਸਿੰਘ ਖੁੱਡੀਆਂ ਤੋਂ ਇਲਾਵਾ ਹਲਕਾ ਮਲੋਟ ਮੋਰਚੇ ਦੇ ਕੁਆਰਡੀਨੇਟਰ ਬਲਰਾਜ ਸਿੰਘ, ਹਲਕਾ ਗਿੱਦੜਬਾਹਾ ਮੋਰਚੇ ਦੇ ਇੰਚਾਰਜ ਮਾਧੋ ਦਾਸ ਸਿੰਘ ਖਾਲਸਾ, ਹਲਕਾ ਲੰਬੀ ਮੋਰਚੇ ਦੇ ਇੰਚਾਰਜ ਪਰਮਪਾਲ ਸਿੰਘ ਅਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਮੋਰਚੇ ਦੇ ਇੰਚਾਰਜ ਜਗਸੀਰ ਸਿੰਘ ਸਰਪੰਚ ਹਾਜ਼ਰ ਸਨ।