ਜਗਰਾਓਂ ‘ਚ ਪੁਲਿਸ ਅਤੇ ਇੱਕ ਗੈਂਗਸਟਰ ਵਿੱਚਕਾਰ ਮੁੱਠਭੇੜ, ਲੱਤ ਵਿੱਚ ਲੱਗੀ ਗੋਲੀ 

ਜਗਰਾਓ, 20 ਮਈ (ਰਛਪਾਲ ਸਿੰਘ ਸ਼ੇਰਪੁਰੀ) : ਜਗਰਾਓਂ ‘ਚ ਪੁਲਿਸ ਅਤੇ ਇੱਕ ਗੈਂਗਸਟਰ ਵਿੱਚਕਾਰ ਮੁੱਠਭੇੜ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ (ਦਿਹਾਤੀ) ਦੇ ਐਸਐਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਪੁਲਿਸ ਵੱਲੋਂ ਬੀਤੇ ਦਿਨੀਂ ਤਿੰਨ ਵਿਅਕਤੀਆਂ ਨੂੰ ਹੈਰੋਇਨ ਅਤੇ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ, ਜਿੰਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਬਿਆਨਾਂ ਤੇ ਅਧਾਰ ਤੇ ਇੱਕ ਹੋਰ ਵਿਅਕਤੀ ਰੌਸ਼ਨ ਨੂੰ ਨਾਮਜ਼ਦ ਕੀਤਾ ਗਿਆ ਸੀ। ਜਿਸ ਦੀ ਪੁਲਿਸ ਪਾਰਟੀ ਵੱਲੋਂ ਭਾਲ ਕੀਤੀ ਜਾ ਰਹੀ ਸੀ, ਅੱਜ ਸਵੇਰ ਸਮੇਂ ਪੁਲਿਸ ਪਾਰਟੀ ਨਾਨਕਸਰ ਡਰੇਨ ਦੇ ਨਜ਼ਦੀਕ ਗਸ਼ਤ ਕਰ ਰਹੀ ਸੀ ਤਾਂ ਇੱਕ ਮੋਟਰਸਾਈਕਲ ਸਵਾਰ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਮੋੜ ਕੇ ਭੱਜਣ ਲੱਗਾ ਤਾਂ ਉਸਦਾ ਮੋਟਰਸਾਈਕਲ ਸਲਿੱਪ ਹੋ ਗਿਆ, ਜਿਸ ਕਾਰਨ ਉਕਤ ਨੌਜਵਾਨ ਮੋਟਰਸਾਈਕਲ ਤੋਂ ਡਿੱਗ ਗਿਆ ਅਤੇ ਘਬਰਾਏ ਹੋਏ ਨੇ ਪੁਲਿਸ ਪਾਰਟੀ ‘ਤੇ ਪਿਸਟਲ ਨਾਲ ਫਾਇਰਿੰਗ ਕਰਨੀ ਸ਼ੁਰੂ ਕਰਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਆਪਣਾ ਬਚਾਅ ਕਰਦਿਆਂ ਜਵਾਬੀ ਕਾਰਵਾਈ ‘ਚ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਉਕਤ ਨੌਜਵਾਨ ਦੇ ਗੋਲੀ ਲੱਤ ਵਿੱਚ ਲੱਗੀ ਤੇ ਉਹ ਜਖ਼ਮੀ ਹੋ ਗਿਆ, ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਐਸਐਸਪੀ ਗੁਪਤਾ ਨੇ ਦੱਸਿਆ ਕਿ ਉੇਕਤ ਗੈਂਗਸਟਰ ਦਾ ਨਾਮ ਰੌਸ਼ਨ ਹੈ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਰੌਸ਼ਨ ਤੇ ਵੱਖ ਵੱਖ ਧਾਰਵਾਂ ਤਹਿਤ 15 ਮੁਕੱਦਮੇ ਦਰਜ ਹਨ। ਐਸਐਸੀ ਗੁਪਤਾ ਨੇ ਇਹ ਵੀ ਦੱਸਿਆ ਕਿ ਉਸ ਕੋਲੋਂ ਇੱਕ ਪਿਸਟਲ, ਇੱਕ ਦੇਸ਼ੀ ਕੱਟਾ ਅਤੇ ਕੁੱਝ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਰੌਸ਼ਨ ਦੇ ਇੱਕ ਅਮਰੀਕਾ ਰਹਿੰਦੇ ਵਿਅਕਤੀ ਨਾਲ ਵੀ ਤਾਰ ਜੁੜੇ ਹੋਏ ਹਨ, ਜਿਸ ਦੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

https://www.facebook.com/LudhianaRPolice/videos/906934184874843