ਵਿਦਿਆਰਥੀਆਂ ਨੂੰ ਭਵਿੱਖ ਦੇ ਸੁਨਹਿਰੀ ਪੰਨਿਆਂ ਉੱਤੇ ਆਪਣਾ ਨਾਮ ਦਰਜ ਕਰਵਾਉਣ ਦੇ ਸਮਰੱਥ ਬਣਾਏਗਾ 'ਸਕੂਲ ਮੈਂਟਰਸ਼ਿਪ ਪ੍ਰੋਗਰਾਮ'

  • ਆਈ.ਏ.ਐਸ ਅਧਿਕਾਰੀ ਰਾਹੁਲ ਭੰਡਾਰੀ ਵੱਲੋਂ ਸਕੂਲ ਆਫ ਐਮੀਨੈਂਸ ਖਮਾਣੋਂ ਦਾ ਦੌਰਾ
  • ਵਿਦਿਆਰਥੀਆਂ ਨੂੰ ਰੋਜ਼ਾਨਾ ਅਖਬਾਰ ਪੜ੍ਹਨ ਅਤੇ ਕਿਤਾਬਾਂ ਨਾਲ ਨੇੜਿਓਂ ਸਾਂਝ ਪਾਉਣ ਲਈ ਪ੍ਰੇਰਿਤ ਕੀਤਾ 
  • ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਜੀਵਨ ਤਜਰਬੇ ਕੀਤੇ ਸਾਂਝੇ, ਨਿਯਮਤ ਤੌਰ ਉੱਤੇ ਲੈਂਦੇ ਰਹਿਣਗੇ ਪ੍ਰਗਤੀ ਦਾ ਜਾਇਜ਼ਾ 

ਫ਼ਤਹਿਗੜ੍ਹ ਸਾਹਿਬ, 24 ਮਈ 2025 : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਬਾਰਵੀਂ ਪਾਸ ਹੋਣ ਮਗਰੋਂ ਭਵਿੱਖ ਦੇ ਸੁਨਹਿਰੀ ਪੰਨਿਆਂ ਉੱਤੇ ਆਪਣਾ ਨਾਮ ਦਰਜ ਕਰਵਾਉਣ ਦੇ ਸਮਰੱਥ ਬਣਾਉਣ ਲਈ 'ਸਕੂਲ ਮੈਂਟਰਸ਼ਿਪ ਪ੍ਰੋਗਰਾਮ' ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਸੀਨੀਅਰ ਆਈ.ਏ.ਐਸ ਅਤੇ ਆਈ.ਪੀ.ਐਸ ਅਧਿਕਾਰੀ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਦਾ ਮਨੋਬਲ ਉੱਚਾ ਚੁੱਕ ਰਹੇ ਹਨ। ਅੱਜ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਰਾਹੁਲ ਭੰਡਾਰੀ (ਆਈ.ਏ.ਐਸ) ਵੱਲੋਂ ਸਕੂਲ ਆਫ਼ ਐਮੀਨੇਂਸ ਖਮਾਣੋਂ ਦਾ ਦੌਰਾ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਆਪਣੇ ਜੀਵਨ ਤਜਰਬੇ ਉਹਨਾਂ ਨਾਲ ਸਾਂਝੇ ਕਰਦਿਆਂ ਸੇਧ ਦਿੱਤੀ ਗਈ। ਸ਼੍ਰੀ ਰਾਹੁਲ ਭੰਡਾਰੀ ਨੇ ਸਕੂਲ ਵਿੱਚ ਆਰਟਸ, ਮੈਡੀਕਲ, ਨਾਨ ਮੈਡੀਕਲ, ਕਾਮਰਸ ਦੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਵਿੱਚ ਨਿਰੰਤਰ ਸੁਧਾਰ ਲਿਆਉਣ ਲਈ ਤਨਦੇਹੀ ਨਾਲ ਮਿਹਨਤ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਰੋਜ਼ਾਨਾ ਅਖਬਾਰ ਪੜ੍ਹਨ ਦੀ ਆਦਤ ਪਾਈ ਜਾਵੇ ਕਿਉਂਕਿ ਦੁਨੀਆ ਭਰ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਜਾਣੂ ਹੋਣ ਨਾਲ ਜਿੱਥੇ ਖੁਦ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਉੱਥੇ ਹੀ ਹੋਰਨਾਂ ਲਈ ਵੀ ਚਾਨਣ ਮੁਨਾਰਾ ਬਣਿਆ ਜਾ ਸਕਦਾ ਹੈ। ਸ਼੍ਰੀ ਭੰਡਾਰੀ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਆਪਣੇ ਜੀਵਨ ਟੀਚੇ ਪ੍ਰਾਪਤ ਕਰਨ ਵਿੱਚ ਕਿਤਾਬਾਂ ਜਾਂ ਗਾਈਡੈਂਸ ਦੀ ਲੋੜ ਮਹਿਸੂਸ ਹੋਵੇ ਤਾਂ ਉਹ ਬੇਝਿਜਕ ਆਪਣੇ ਅਧਿਆਪਕਾਂ ਨੂੰ ਜਾਂ ਨਿੱਜੀ ਤੌਰ ਤੇ ਉਹਨਾਂ ਨੂੰ ਜਾਣੂ ਕਰਵਾ ਸਕਦਾ ਹੈ ਅਤੇ ਵਿਦਿਆਰਥੀਆਂ ਦੇ ਅਕਾਦਮਿਕ ਪੱਧਰ ਨੂੰ ਉੱਚਾ ਚੁੱਕਣ ਸਬੰਧੀ ਹਰ ਇੱਕ ਲੋੜ ਨੂੰ ਪੂਰਾ ਕਰਨ ਲਈ ਉਹ ਵਚਨਬਧ ਹਨ। ਸ਼੍ਰੀ ਭੰਡਾਰੀ ਨੇ ਵਿਦਿਆਰਥੀਆਂ ਨੂੰ ਮੋਬਾਈਲ ਜਾਂ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਦੀ ਥਾਂ 'ਤੇ ਪੁਸਤਕਾਂ ਨਾਲ ਨੇੜਿਓਂ ਸਾਂਝ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਖੇਡਾਂ, ਆਈਟੀ ਖੇਤਰ, ਸੱਭਿਆਚਾਰ, ਵਿਰਸੇ ਅਤੇ ਹੋਰ ਕਲਾਵਾਂ ਵਿੱਚ ਵੀ ਮੁਹਾਰਤ ਹਾਸਲ ਕੀਤੀ ਜਾਵੇ ਕਿਉਂਕਿ ਕਿਤਾਬੀ ਗਿਆਨ ਦੇ ਨਾਲ ਨਾਲ ਆਪਣੇ ਹੁਨਰ ਨੂੰ ਵੀ ਤਰਾਸ਼ਣ ਦੀ ਲੋੜ ਪੈਂਦੀ ਹੈ। ਉਹਨਾਂ ਨੇ ਇਸ ਦੌਰਾਨ ਵੱਖ ਵੱਖ ਕਲਾਸਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਵਿਸ਼ਿਆਂ ਬਾਰੇ ਸਵਾਲ ਜਵਾਬ ਕੀਤੇ ਅਤੇ ਦੱਸਿਆ ਕਿ ਉਹ ਨਿਯਮਤ ਤੌਰ 'ਤੇ ਸਕੂਲ ਵਿੱਚ ਆਉਂਦੇ ਰਹਿਣਗੇ ਅਤੇ ਇਸ ਦਾ ਜਾਇਜ਼ਾ ਵੀ ਲੈਣਗੇ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਉਹਨਾਂ ਦੀਆਂ ਸਲਾਹਾਂ ਉੱਤੇ ਕਿੰਨਾ ਕੁ ਅਮਲ ਕੀਤਾ ਗਿਆ ਹੈ। ਪ੍ਰਿੰਸੀਪਲ ਸਕੱਤਰ ਸ਼੍ਰੀ ਰਾਹੁਲ ਭੰਡਾਰੀ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨਾਲ, ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਸਕੂਲ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਸਮੀਖਿਆ ਕੀਤੀ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿੱਚ ਬੈਠ ਕੇ ਕਿਤਾਬਾਂ ਪੜ੍ਹਨ ਦੀ ਆਦਤ ਪਾਈ ਜਾਵੇ। ਉਹਨਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਪਿਛਲੇ ਤਿੰਨ- ਚਾਰ ਸਾਲਾਂ ਵਿੱਚ ਇਸ ਸਕੂਲ ਵਿੱਚੋਂ ਪਾਸ ਆਊਟ ਹੋਏ ਹਨ, ਉਹ ਮੌਜੂਦਾ ਸਮੇਂ ਵਿੱਚ ਕਿੱਥੇ ਕਿੱਥੇ ਉਚੇਰੀ ਪੜ੍ਹਾਈ ਕਰ ਰਹੇ ਹਨ ਉਸ ਬਾਰੇ ਵੀ ਅਧਿਆਪਕ ਜਾਣਕਾਰੀ ਇਕੱਤਰ ਕਰਨ ਕਿਉ ਕਿ ਜੇਕਰ ਵਿਦਿਆਰਥੀ ਨੂੰ ਹਲੇ ਵੀ ਕੋਈ ਸਮੱਸਿਆ ਪੇਸ਼ ਆ ਰਹੀ ਹੋਵੇ ਤਾਂ ਉਸ ਦਾ ਢੁਕਵਾਂ ਹੱਲ ਕਰਵਾਇਆ ਜਾ ਸਕੇ। ਸ਼੍ਰੀ ਭੰਡਾਰੀ ਨੇ ਕਿਹਾ ਕਿ ਸਕੂਲ ਵਿੱਚ ਨਿਯਮਤ ਤੌਰ ਉੱਤੇ ਹੀ ਕੋਈ ਕਾਊਂਸਲਿੰਗ ਲਈ ਸਮਾਂ ਨਿਰਧਾਰਿਤ ਕੀਤਾ ਜਾਵੇ ਜਿਸ ਵਿੱਚ ਕੋਈ ਵੀ ਵਿਦਿਆਰਥੀ ਆਪਣੀ ਪੜ੍ਹਾਈ, ਪਰਿਵਾਰ ਜਾਂ ਜ਼ਿੰਦਗੀ ਨਾਲ ਜੁੜੇ ਸਵਾਲ ਪੁੱਛ ਸਕਣ ਤੇ ਸਾਡੇ ਹੁਨਰਮੰਦ ਤੇ ਮਿਹਨਤੀ ਅਧਿਆਪਕਾਂ ਤੋਂ ਜੀਵਨ ਸੇਧ ਲੈ ਸਕਣ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਸ਼ੀਲ ਨਾਥ, ਸਕੂਲ ਪ੍ਰਿੰਸੀਪਲ ਮਨੋਜ ਕੁਮਾਰ ਤੋਂ ਇਲਾਵਾ ਵਿਦਿਆਰਥੀ ਅਤੇ ਅਧਿਆਪਕ ਵੀ ਹਾਜ਼ਰ ਸਨ।