ਬਿਆਸ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਤਿੰਨ ਲੋਕਾਂ ਦੀ ਮੌਤ, ਤਿੰਨ ਜਖ਼ਮੀ

ਜ਼ੀਰਾ, 16 ਮਈ 2025 : ਜ਼ੀਰਾ ਵਿੱਚੋਂ ਦੀ ਲੰਘਦੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਮਾਰਗ-54 ਤੇ ਪੈਂਦੇ ਪਿੰਡ ਮਲਸੀਆਂ ਨਜ਼ਦੀਕ ਇੱਕ ਟਰੱਕ ਅਤੇ ਕਰੇਟਾ ਗੱਡੀ ਦੀ ਭਿਆਨਕ ਟੱਕਰ ਹੋ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਅਤੇ ਕਈਆਂ ਦੇ ਜਖ਼ਮੀ ਹੋਣ ਦੀ ਦੁੱਖਦਾਈ ਖਬਰ ਹੈ। ਜਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਨੂਰ (ਹਨੂਮਾਨਗੜ੍ਹ) ਰਾਜਸਥਾਨ ਤੋਂ ਇੱਕੋ ਪਰਿਵਾਰ ਦੇ 6 ਲੋਕ ਕਰੇਟਾ ਗੱਡੀ ਵਿੱਚ ਸਵਾਰ ਹੋ ਕੇ ਬਿਆਸ ਨੂੰ ਮੱਥਾ ਟੇਕਣ ਲਈ ਜਾ ਰਹੇ ਸਨ, ਜਦੋਂ ਉਹ ਮਲਸੀਆਂ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਦੀ ਅੱਗੇ ਜਾ ਰਹੇ ਇੱਕ ਕੈਂਟਰ ਨਾਲ ਟੱਕਰ ਹੋ ਗਈ, ਟੱਕਰ ਐਨੀ ਕੁ ਭਿਆਨਕ ਸੀ ਕਿ ਕੈਂਟਰ ਦੇ ਟਾਇਰਾਂ ਵਾਲਾ ਹਿੱਸਾ ਕੈਂਟਰ ਤੋਂ ਅਲੱਗ ਹੋ ਗਿਆ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮ੍ਰਿਤਕਾਂ ਦੀ ਪਛਾਣ ਕੋਮਲ ਪਤਨੀ ਚੇਤਨ, ਭਾਗਸਿਆ ਪੁੱਤਰੀ ਚੇਤਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਇੱਕ ਜਤਿੰਦਰ ਨੇ ਇਲਾਜ ਦੌਰਾਨ ਹਸਪਤਾਲ ਵਿੱਚ ਦਮਤੋੜ ਦਿੱਤਾ। ਕਾਰ ਚਾਲਕ ਚੇਤਨ, ਪਾਰਵਤੀ ਦੇਵੀ ਅਤੇ ਡਿੰਪਲ ਜਖ਼ਮੀ ਹੋਏ ਹਨ, ਇੰਨ੍ਹਾਂ ਵਿੱਚੋਂ ਡਿੰਪਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾਂ ਸਬੰਧੀ ਜਦੋਂ ਪੁਲਿਸ ਥਾਣਾ ਸਦਰ ਜੀਰਾ ਦੇ ਇੰਚਾਰਜ ਬਲਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਨੇ ਮੌਕੇ ਤੇ ਪੁੱਜ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਲਿਆ ਸੀ, ਜਖਮੀਆਂ ਨੂੰ ਹਸਪਤਾਲ ਵਿਖ ਭਰਤੀ ਕਰਵਾਇਆ ਗਿਆ ਅਤੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰਦਿੱਤੀ ਹੈ।