ਕਿਸਾਨ ਆਗੂ ਡੱਲੇਵਾਲ ਦਾ ਕਿਸਾਨਾਂ ਨੂੰ ਸੁਨੇਹਾ, ਕਿਹਾ : ਸਾਰੇ ਰਾਜਾਂ ਨੂੰ ਇਕਜੁੱਟ ਹੋਣ 

ਖਨੌਰੀ, 24 ਦਸੰਬਰ 2024 : ਖਨੌਰੀ ਬਾਰਡਰ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 29ਵੇਂ ਦਿਨ ਵੀ ਜਾਰੀ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਚੈਕਅੱਪ ਕਰਨ ਵਾਲੀ ਡਾਕਟਰਾਂ ਦੀ ਟੀਮ ਅਨੁਸਾਰ ਡੱਲੇਵਾਲ ਦਾ ਕੋਈ ਵੀ ਅੰਗ ਕਿਸੇ ਵੀ ਸਮੇਂ ਫੇਲ ਹੋ ਸਕਦਾ ਹੈ, ਕਿਉਂਕਿ ਲਗਾਤਾਰ ਭੁੱਖੇ ਰਹਿਣ ਕਾਰਨ ਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਹੈ। ਮਰਨ ਵਰਤ ਦੇ ਚਲਦਿਆਂ ਕਿਸਾਨ ਆਗੂ ਡੱਲੇਵਾਲ ਨੂੰ ਅੱਜ ਖਨੌਰੀ ਬਾਰਡਰ ਸਟੇਜ ’ਤੇ ਲਿਆਂਦਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਾਰੇ ਰਾਜਾਂ ਨੂੰ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਦੋਸਤੋ, ਜਿਨ੍ਹਾਂ ਨੇ ਮੋਰਚੇ ‘ਚ ਸਾਥ ਦਿੱਤਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਠੀਕ ਹਾਂ। ਇਹ ਲੜਾਈ ਆਪਾਂ ਜਿੱਤਣੀ ਹੈ। ਹੁਣ ਵੱਡਾ ਭਰਾ ਮੈਦਾਨ ‘ਚ ਹੈ। ਛੋਟੇ ਭਰਾ ਬਾਕੀ ਸੂਬਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਨ। ਜੇ ਸਰਕਾਰ ਸਾਨੂੰ ਉਠਾਉਣ ਆਈ ਫ਼ਿਰ ਜਾਂ ਤਾਂ ਜਿਤਾਂਗੇ ਜਾਂ ਫ਼ਿਰ ਮਰਾਂਗੇ”  ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਜਦੋਂ ਉਹ ਪਿਛਲੀ ਵਾਰ ਅੰਦੋਲਨ ਖਤਮ ਕਰਕੇ ਚਲੇ ਗਏ ਸਨ ਤਾਂ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਅੰਦੋਲਨ ਅੱਧ ਵਿਚਾਲੇ ਛੱਡ ਰਹੇ ਹਨ। ਇਸ ਲਈ ਅਸੀਂ ਮੁੜ ਸਰਹੱਦਾਂ ‘ਤੇ ਵਾਪਸ ਆ ਗਏ ਹਾਂ। ਪਿਛਲੀ ਵਾਰ ਸਾਨੂੰ ਵੱਡਾ ਭਾਈ ਕਿਹਾ ਗਿਆ ਸੀ, ਇਸ ਲਈ ਵੱਡਾ ਭਾਈ ਮੁੜ ਮੈਦਾਨ ਵਿੱਚ ਆ ਗਿਆ ਹੈ। ਹੁਣ ਲੋੜ ਇਸ ਗੱਲ ਦੀ ਹੈ ਕਿ ਛੋਟਾ ਭਰਾ ਵੀ ਲੜਾਈ ਵਿੱਚ ਸ਼ਾਮਲ ਹੋ ਕੇ ਮੈਦਾਨ ਵਿੱਚ ਉਤਰ ਆਵੇ।ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਸਾਨੂੰ ਇੱਥੋਂ ਭਜਾਉਣਾ ਚਾਹੁੰਦੀ ਹੈ। ਉਹ ਸਾਡੇ ਅੰਦੋਲਨ ਨੂੰ ਇੱਥੋਂ ਖਤਮ ਕਰਨ ਦੀ ਕੋਸ਼ਿਸ਼ ਕਰੇਗੀ। ਜੇਕਰ ਉਹ ਸਾਨੂੰ ਚੁੱਕਣ ਵਿੱਚ ਅਸਫਲ ਰਹਿੰਦੇ ਹਨ, ਤਾਂ ਅਸੀਂ ਜੇਤੂ ਬਣਾਂਗੇ। ਅਸੀਂ ਜਾਂ ਤਾਂ ਇੱਥੋਂ ਜਿੱਤ ਕੇ ਜਾਵਾਂਗੇ ਜਾਂ ਮਰ ਜਾਵਾਂਗੇ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਹੁਣ ਤੱਕ ਸਾਡਾ ਸਮਰਥਨ ਕੀਤਾ ਹੈ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਰਹਾਂਗਾ ਜੋ ਭਵਿੱਖ ਵਿੱਚ ਸਾਡਾ ਸਮਰਥਨ ਕਰਨਗੇ।