ਭਾਰਤੀ ਫੌਜ ਨੇ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਪਾਕਿਸਤਾਨ ਦੇ ਡਰੋਨ ਹਮਲੇ ਦੀ ਕੋਸ਼ਿਸ਼ ਕੀਤੀ ਨਾਕਾਮ

ਚੰਡੀਗੜ੍ਹ, 9 ਮਈ 2025 : ਭਾਰਤੀ ਫੌਜ ਨੇ ਬਠਿੰਡਾ ਦੇ ਸਰਹੱਦੀ ਖੇਤਰ ਵਿੱਚ ਪਾਕਿਸਤਾਨ ਦੇ ਡਰੋਨ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਹਾਲਾਂਕਿ, ਇਸ ਸਮੇਂ ਦੌਰਾਨ ਤੁੰਗਵਾਲੀ ਪਿੰਡ ਦੇ ਇੱਕ ਘਰ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਪੁਲਿਸ ਸਵੇਰੇ ਹੀ ਮੌਕੇ ‘ਤੇ ਪਹੁੰਚ ਗਈ ਅਤੇ ਪਿੰਡ ਵਾਸੀਆਂ ਦੀ ਭੀੜ ਵੀ ਉੱਥੇ ਇਕੱਠੀ ਹੋ ਗਈ। ਜਾਣਕਾਰੀ ਅਨੁਸਾਰ ਤੁੰਗਵਾਲੀ ਪਿੰਡ ਵਿੱਚ ਡਰੋਨ ਹਮਲੇ ਵਿੱਚ ਇੱਕ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਕਾਰਨ ਘਰ ਦਾ ਸ਼ੈੱਡ ਵੀ ਨੁਕਸਾਨਿਆ ਗਿਆ। ਪਰ ਇਸ ਘਟਨਾ ਦੇ ਬਾਵਜੂਦ, ਪਿੰਡ ਵਾਸੀਆਂ ਦੇ ਹੌਸਲੇ ਬੁਲੰਦ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੰਗ ਵਰਗੀ ਸਥਿਤੀ ਵਿੱਚ ਅਜਿਹੀਆਂ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਭਾਰਤੀ ਫੌਜ ‘ਤੇ ਪੂਰਾ ਭਰੋਸਾ ਪ੍ਰਗਟ ਕਰਦੇ ਹੋਏ, ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਬਠਿੰਡਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਮੀਡੀਆ ਕਰਮਚਾਰੀਆਂ ਸਮੇਤ ਸਾਰੇ ਜਨਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਅਣਪਛਾਤੀ ਵਸਤੂ ਜਾਂ ਉਨ੍ਹਾਂ ਦੇ ਟੁਕੜਿਆਂ ਤੋਂ ਦੂਰ ਰਹਿਣ। ਲਗਭਗ 100 ਮੀਟਰ ਦੀ ਸਪਸ਼ਟ ਦੂਰੀ ਯਕੀਨੀ ਬਣਾਈ ਜਾਵੇ। ਹਥਿਆਰਬੰਦ ਬਲਾਂ ਅਤੇ ਰਾਜ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ। ਬੇਲੋੜੀਆਂ ਅਫਵਾਹਾਂ ਫੈਲਾਉਣ ਤੋਂ ਸਖ਼ਤੀ ਨਾਲ ਬਚਿਆ ਜਾਵੇ। ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਢੁਕਵੀਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਫਰੀਦਕੋਟ ਵਿੱਚ ਇਟਰਨੈਟ ਬੰਦ
ਜ਼ਿਲ੍ਹਾ ਫਰੀਦਕੋਟ ਵਿੱਚ ਇਟਰਨੈਟ ਬੰਦ ਕਰ ਦਿੱਤਾ ਹੈ। ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸੁਰੱਖਿਆ ਨੂੰ ਲੈ ਕੇ ਪੰਜਾਬ ਦੇ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਤਿੰਨ ਦਿਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ 9, 10 ਅਤੇ 12 ਮਈ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸ਼ਨ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੀਆਂ ਗਲਤ ਅਫਵਾਹਾਂ ਨਾ ਫੈਲਾਓ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ : ਡਿਪਟੀ ਕਮਿਸ਼ਨਰ 
ਚੰਡੀਗੜ੍ਹ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਅਤੇ ਸਾਇਰਨ ਵੱਜ ਰਹੇ ਸਨ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ। ਖਿੜਕੀਆਂ ਜਾਂ ਖੁੱਲ੍ਹੀਆਂ ਥਾਵਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇੱਕ ਦਿਨ ਪਹਿਲਾਂ, ਚੰਡੀਗੜ੍ਹ ਵਿੱਚ ਪਾਕਿਸਤਾਨ ਤੋਂ ਡਰੋਨ ਹਮਲਾ ਹੋਇਆ ਸੀ। ਇੱਥੇ ਡਰੋਨ ਨੂੰ ਰੱਖਿਆ ਪ੍ਰਣਾਲੀ S-400 ਦੁਆਰਾ ਮਾਰ ਸੁੱਟਿਆ ਗਿਆ। ਇਹ ਅੱਜ ਸਵੇਰੇ ਪੰਜਾਬ ਵਿੱਚ ਤੀਜਾ ਹਮਲਾ ਹੈ। ਅੰਮ੍ਰਿਤਸਰ ਦੇ ਖਾਸਾ ਵਿੱਚ ਸ਼ਾਮ 5:30 ਵਜੇ ਡਰੋਨ ਹਮਲਾ ਕੀਤਾ ਗਿਆ। ਭਾਰਤ ਨੇ ਆਪਣੇ S-400 ਰੱਖਿਆ ਪ੍ਰਣਾਲੀ ਨਾਲ ਦੋ ਡਰੋਨਾਂ ਨੂੰ ਡੇਗ ਕੇ ਜਵਾਬੀ ਕਾਰਵਾਈ ਕੀਤੀ। ਇੱਕ ਛੋਟਾ ਡਰੋਨ ਸੀ ਅਤੇ ਦੂਜਾ ਵੱਡਾ ਡਰੋਨ ਸੀ। 

ਭਾਰਤੀ ਫੌਜ ਦੇ ਏਅਰ ਡਿਫੈਂਸ ਸਿਸਟਮ S-400 ਨੇ ਦੋ ਡਰੋਨਾਂ ਨੂੰ ਕੀਤਾ ਤਬਾਹ
ਅੰਮ੍ਰਿਤਸਰ ਦੇ ਖਾਸਾ ਵਿੱਚ ਸਵੇਰੇ 5:30 ਵਜੇ ਡਰੋਨ ਹਮਲਾ ਕੀਤਾ ਗਿਆ। ਹਾਲਾਂਕਿ ਭਾਰਤੀ ਫੌਜ ਦੇ ਏਅਰ ਡਿਫੈਂਸ ਸਿਸਟਮ S-400 ਨੇ ਖਾਸਾ ਖੇਤਰ ਵਿੱਚ ਦੋ ਡਰੋਨਾਂ ਨੂੰ ਤਬਾਹ ਕਰ ਦਿੱਤਾ। ਇਹਨਾਂ ਵਿੱਚੋਂ ਇੱਕ ਛੋਟਾ ਸੀ ਅਤੇ ਦੂਜਾ ਵੱਡਾ।ਧਮਾਕਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਸੀ। ਪਠਾਨਕੋਟ ਵਿੱਚ ਦੇਰ ਰਾਤ ਹੋਏ ਹਮਲੇ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਏਅਰਬੇਸ ਦੇ ਨੇੜੇ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਨਦੀ ਦੇ ਕੰਢੇ ਇੱਕ ਬੰਬ ਮਿਲਿਆ। ਜਿਸ ਤੋਂ ਬਾਅਦ ਫੌਜ ਨੇ ਇਲਾਕਾ ਖਾਲੀ ਕਰਵਾ ਲਿਆ। ਇੱਥੇ ਵੀ ਸਵੇਰੇ 4:30 ਵਜੇ 3-4 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਹੁਸ਼ਿਆਰਪੁਰ ਦੇ ਕਮਾਹੀ ਦੇਵੀ ਵਿੱਚ ਇੱਕ ਰਾਕੇਟ ਡਿੱਗਿਆ ਹੋਇਆ ਵੀ ਮਿਲਿਆ ਹੈ।