ਸ੍ਰੀ ਮੁਕਤਸਰ ਸਾਹਿਬ ‘ਚ ਕਰਵਾਇਆ ਗਿਆ ‘ਯੂਥ ਕਲੱਬ ਲੀਡਰਸ਼ਿਪ ਟ੍ਰੇਨਿੰਗ’ ਪ੍ਰੋਗਰਾਮ

ਸ੍ਰੀ ਮੁਕਤਸਰ ਸਾਹਿਬ, 19 ਮਈ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਸਦਕਾ ‘ਯੂਥ ਕਲੱਬ ਲੀਡਰਸ਼ਿਪ ਟ੍ਰੇਨਿੰਗ’ ਪ੍ਰੋਗਰਾਮ ਦੌਰਾਨ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸੁਖਜਿੰਦਰ ਸਿੰਘ ਕਾਉਣੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਹਲਕਾ ਕੋਆਰਡੀਨੇਟਰ ਲੰਬੀ ਖੁਸ਼ਵੀਰ ਸਿੰਘ ਮਾਨ, ਹਲਕਾ ਕੋਆਰਡੀਨੇਟਰ ਮਲੋਟ ਪ੍ਰਭਜੋਤ ਸਿੱਧੂ, ਹਲਕਾ ਕੋਆਰਡੀਨੇਟਰ ਸ੍ਰੀ ਮੁਕਤਸਰ ਸਾਹਿਬ ਰੌਬਿਨ ਵੜਿੰਗ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਆਪਣੀਆਂ ਟੀਮਾਂ ਸਮੇਤ ਮੌਜੂਦ ਸਨ। ਟ੍ਰੇਨਿੰਗ ਸੈਸ਼ਨ ਦੌਰਾਨ ਲੈਕਚਰ ਅਤੇ ਵੀਡੀਓਜ਼ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ ਗਿਆ। ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਕਿਹਾ ਕਿ ਰੰਗਲੇ ਪੰਜਾਬ ਦੀ ਸਿਰਜਣਾ ਦੀ ਡੋਰ ਨੌਜਵਾਨਾਂ ਦੇ ਮੋਢਿਆਂ ’ਤੇ ਹੈ ਤੇ ਨੌਜਵਾਨਾਂ ਨੂੰ ਸੂਬੇ ਦੀ ਭਲਾਈ ਪ੍ਰਤੀ ਆਪਣਾ ਰੋਲ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਥ ਕਲਬਾਂ ਦੇ ਗਠਨ ਨਾਲ ਨੌਜਵਾਨ ਪੀੜ੍ਹੀ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਲੋਕਾਂ ਨੂੰ ਨਸ਼ੇ ਦਾ ਜੜੋ ਖਾਤਮਾ ਕਰਨ ਸਬੰਧੀ ਜਨ ਜਾਗਰੂਕਤਾ ਫੈਲਾਏਗੀ ਉਥੇ ਖੇਡਾਂ ਦੇ ਮਹੱਤਵ ਨੂੰ ਸਮਝਦਿਆਂ ਆਪਣਾ ਧਿਆਨ ਤੇ ਐਨਰਜੀ ਖੇਡਾਂ ਵੱਲ ਲਗਾਏਗੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਸਾਡਾ ਭਵਿੱਖ ਹੈ ਤੇ ਸਾਡਾ ਭਵਿੱਖ ਮਾੜੀਆਂ ਕੁਰੀਤੀਆਂ ਤੋਂ ਦੂਰ ਰਹਿ ਕੇ ਰੋਸ਼ਨਾਉਂਦਾ ਹੋਵੇ, ਇਹ ਹੀ ਪੰਜਾਬ ਸਰਕਾਰ ਦਾ ਸੁਪਨਾ ਹੈ। ਉਨ੍ਹਾਂ ਕਿਹਾ ਕਿ ਯੂਥ ਕਲਬ ਲੋਕਾਂ ਨੂੰ ਨਵੀ ਸੇਧ ਦੇਣਗੇ, ਨੌਜਵਾਨ ਪੀੜ੍ਹੀ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਾਰ ਦੀਆਂ ਸਿਖਿਆਵਾਂ ’ਤੇ ਚੱਲ ਕੇ ਲੋਕਾਂ ਨੂੰ ਸਹੀ ਅਤੇ ਸਕਾਰਾਤਮਕ ਦਿਸ਼ਾ ਵੱਲ ਮੋੜਨ ਲਈ ਆਪਣਾ ਅਹਿਮ ਕਿਰਦਾਰ ਨਿਭਾਉਣਗੇ। ਇਸ ਮੌਕੇ ਸੈਲਫ਼ ਹੈਲਪ ਗਰੁੱਪ ਤੋਂ ਕਿਰਨ ਬਾਲਾ ਨੇ ਲੜਕੀਆਂ ਨੂੰ ਪ੍ਰੇਰਿਤ ਕਰਦਿਆਂ ਸਰਕਾਰ ਵੱਲੋਂ ਚਲਾਏ ਜਾ ਰਹੇ ਸੈਲਫ਼ ਹੈਲਪ ਗਰੁੱਪਾਂ ਵਿੱਚ ਨੌਜਵਾਨ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਕਰਨ ਲਈ ਵਿਭਾਗ ਵੱਲੋਂ ਸਿਲਾਈ, ਕਢਾਈ ਆਦਿ ਕੰਮਾਂ ਨਾਲ ਜੁੜਨ ਲਈ ਕਿਹਾ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਅਤੇ ਪੂਰੀ ਟੀਮ ਨੇ ਪ੍ਰੋਗਰਾਮ ਵਿਚ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨੌਜਵਾਨਾਂ ਅੰਦਰ ਜੋਸ਼ ਭਰਿਆ ਤੇ ਨਸ਼ਿਆਂ ਅਜਿਹੀਆ ਮਾੜੀ ਅਲਾਮਤਾਂ ਤੋਂ ਦੂਰ ਰਹਿਣ ਪ੍ਰਤੀ ਸੰਦੇਸ਼ ਦਿੱਤਾ।